ਸੱਜਣ ਕੁਮਾਰ ਦੇ ਬਰੀ ਹੋਣ 'ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਸਖ਼ਤ ਇਤਰਾਜ਼; ਧਾਮੀ ਬੋਲੇ- 41 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਪੀੜਤਾਂ ਨਾਲ ਹੋਇਆ ਧੱਕਾ
January 22, 2026 / Punjab
Punjabਸੱਜਣ ਕੁਮਾਰ ਦੇ ਬਰੀ ਹੋਣ 'ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਸਖ਼ਤ ਇਤਰਾਜ਼; ਧਾਮੀ ਬੋਲੇ- 41 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਪੀੜਤਾਂ ਨਾਲ ਹੋਇਆ ਧੱਕਾ
Live Punjabi TV Bureau
ਅੰਮ੍ਰਿਤਸਰ: ਸਾਲ 1984 ਵਿੱਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ 'ਤੇ ਸਿੱਖ ਜਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਨਾਲ ਸਬੰਧਤ ਕਤਲੇਆਮ ਦੇ ਕੇਸਾਂ ਵਿੱਚ ਆਏ ਇਸ ਫੈਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਹੱਦ ਨਿਰਾਸ਼ਾਜਨਕ ਦੱਸਿਆ ਹੈ।
ਪੀੜਤਾਂ ਨਾਲ ਘੋਰ ਬੇਇਨਸਾਫ਼ੀ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਪਰਿਵਾਰਾਂ ਨਾਲ ਵੱਡਾ ਧੱਕਾ ਹੈ, ਜੋ ਪਿਛਲੇ 41 ਸਾਲਾਂ ਤੋਂ ਇਨਸਾਫ਼ ਦੀ ਉਮੀਦ ਲਗਾਈ ਬੈਠੇ ਸਨ। ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਰੁਖ ਨੇ ਪੀੜਤਾਂ ਨੂੰ ਡੂੰਘੀ ਮਾਨਸਿਕ ਸੱਟ ਮਾਰੀ ਹੈ, ਜੋ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਹਨ।
ਸਮੁੱਚੀ ਕੌਮ ਲਈ ਪੀੜਾਦਾਇਕ ਫੈਸਲਾ
ਐਡਵੋਕੇਟ ਧਾਮੀ ਨੇ ਨਵੰਬਰ 1984 ਦੇ ਕਤਲੇਆਮ ਨੂੰ ਇਤਿਹਾਸ ਦਾ ਸਭ ਤੋਂ ਕਾਲਾ ਪੰਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਵੇਲੇ ਸਰਕਾਰੀ ਸ਼ਹਿ 'ਤੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਚਾਰ ਦਹਾਕਿਆਂ ਦੀ ਲੰਮੀ ਕਾਨੂੰਨੀ ਜੱਦੋ-ਜਹਿਦ ਤੋਂ ਬਾਅਦ ਜਦੋਂ ਅਜਿਹੇ ਫੈਸਲੇ ਆਉਂਦੇ ਹਨ, ਤਾਂ ਇਹ ਨਾ ਸਿਰਫ਼ ਪੀੜਤਾਂ ਲਈ ਬਲਕਿ ਪੂਰੀ ਸਿੱਖ ਕੌਮ ਲਈ ਬਹੁਤ ਦੁਖਦਾਈ ਹੁੰਦੇ ਹਨ।
ਸੱਜਣ ਕੁਮਾਰ ਦੀ ਸ਼ਮੂਲੀਅਤ 'ਤੇ ਚੁੱਕੇ ਸਵਾਲ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਗੇ ਕਿਹਾ ਕਿ ਸੱਜਣ ਕੁਮਾਰ ਦਿੱਲੀ ਕਤਲੇਆਮ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਹੈ ਅਤੇ ਉਹ ਪਹਿਲਾਂ ਹੀ ਇੱਕ ਹੋਰ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਅਜਿਹੇ ਵਿੱਚ ਜਨਕਪੁਰੀ ਅਤੇ ਵਿਕਾਸਪੁਰੀ ਵਰਗੇ ਗੰਭੀਰ ਮਾਮਲਿਆਂ ਵਿੱਚ ਉਸ ਦਾ ਬਰੀ ਹੋ ਜਾਣਾ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ ਇਸ ਫੈਸਲੇ ਨੂੰ ਇਨਸਾਫ਼ ਦੀ ਲੜਾਈ ਵਿੱਚ ਵੱਡੀ ਰੁਕਾਵਟ ਦੱਸਿਆ ਹੈ।
Powered by Froala Editor
SGPC Expresses Strong Objection To Sajjan Kumar s Acquittal Dhami Says Victims Who Have Been Waiting For Justice For 41 Years Have Been Beaten Up