ਜੇਲ੍ਹ 'ਚ ਬੰਦ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਫਿਰ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ; ਜਾਣੋ ਹੁਣ ਕੀ ਕੀਤੀ ਮੰਗ?
January 21, 2026 / Punjab
Punjabਜੇਲ੍ਹ 'ਚ ਬੰਦ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਫਿਰ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ; ਜਾਣੋ ਹੁਣ ਕੀ ਕੀਤੀ ਮੰਗ?
Live Punjabi TV Bureau
ਚੰਡੀਗੜ੍ਹ, 21 January 2025 : ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ (MP) ਅਤੇ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੇ ਆਉਣ ਵਾਲੇ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਦਾਲਤ ਕੋਲੋਂ ਇਜਾਜ਼ਤ ਮੰਗੀ ਹੈ। ਇਸ ਸਬੰਧੀ ਦਾਇਰ ਕੀਤੀ ਗਈ ਪਟੀਸ਼ਨ 'ਤੇ ਹਾਈਕੋਰਟ ਵੱਲੋਂ ਭਲਕੇ ਯਾਨੀ ਕੱਲ੍ਹ ਸੁਣਵਾਈ ਕੀਤੀ ਜਾਵੇਗੀ।
ਬਜਟ ਸੈਸ਼ਨ ਲਈ ਹਾਈਕੋਰਟ 'ਚ ਅਰਜ਼ੀ
ਦਰਅਸਲ, ਸੰਸਦ ਦਾ ਬਜਟ ਸੈਸ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਚੁਣੇ ਹੋਏ ਨੁਮਾਇੰਦੇ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੰਮ੍ਰਿਤਪਾਲ ਸਿੰਘ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਬਜਟ ਸੈਸ਼ਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਪੈਰੋਲ ਜਾਂ ਕਾਨੂੰਨੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਹਲਕੇ ਦੇ ਮਸਲੇ ਸੰਸਦ ਵਿੱਚ ਚੁੱਕ ਸਕਣ।
ਵਕੀਲ ਨੇ ਦੱਸੀ ਪਿਛਲੀ ਵਾਰ ਦੀ ਮਜਬੂਰੀ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਰਦ ਰੁੱਤ ਸੈਸ਼ਨ (Winter Session) ਦੌਰਾਨ ਵੀ ਅਜਿਹੀ ਹੀ ਪਟੀਸ਼ਨ ਪਾਈ ਗਈ ਸੀ। ਪਰ ਉਸ ਸਮੇਂ ਹਾਲਾਤ ਅਜਿਹੇ ਬਣੇ ਕਿ ਕਦੇ ਪੰਜਾਬ ਸਰਕਾਰ ਦੇ ਵਕੀਲ ਪੇਸ਼ ਨਹੀਂ ਹੋਏ ਅਤੇ ਕਦੇ ਵਕੀਲਾਂ ਦੀ ਹੜਤਾਲ ਚੱਲਦੀ ਰਹੀ। ਇਸ ਕਾਰਨ ਸੁਣਵਾਈ ਲਟਕਦੀ ਰਹੀ ਅਤੇ ਉਹ ਪਟੀਸ਼ਨ ਬੇਅਸਰ ਹੋ ਗਈ ਸੀ।
ਅਦਾਲਤ ਦੇ ਪੁਰਾਣੇ ਨਿਰਦੇਸ਼ਾਂ 'ਤੇ ਕੀਤੀ ਪਟੀਸ਼ਨ ਦਾਇਰ
ਵਕੀਲ ਖਾਰਾ ਨੇ ਸਪੱਸ਼ਟ ਕੀਤਾ ਕਿ ਪਿਛਲੀ ਵਾਰ 18 ਦਸੰਬਰ ਨੂੰ ਵਕੀਲਾਂ ਦੀ ਹੜਤਾਲ ਖਤਮ ਹੋਈ ਸੀ, ਜਦਕਿ 19 ਦਸੰਬਰ ਸੈਸ਼ਨ ਦਾ ਆਖਰੀ ਦਿਨ ਸੀ, ਜਿਸ ਕਰਕੇ ਸਮਾਂ ਨਿਕਲ ਗਿਆ ਸੀ। ਉਸ ਮੌਕੇ ਮਾਣਯੋਗ ਅਦਾਲਤ ਨੇ ਨਿਰਦੇਸ਼ ਦਿੱਤੇ ਸਨ ਕਿ ਜਦੋਂ ਦੁਬਾਰਾ 'ਕਾਊਸ ਆਫ਼ ਐਕਸ਼ਨ' (Cause of Action) ਬਣੇਗਾ, ਭਾਵ ਜਦੋਂ ਅਗਲਾ ਸੈਸ਼ਨ ਆਵੇਗਾ, ਤਾਂ ਉਹ ਮੁੜ ਅਦਾਲਤ ਆ ਸਕਦੇ ਹਨ। ਅਦਾਲਤ ਦੇ ਉਸੇ ਹੁਕਮ ਦੀ ਪਾਲਣਾ ਕਰਦਿਆਂ ਹੁਣ ਬਜਟ ਸੈਸ਼ਨ ਲਈ ਇਹ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਤੇ ਕੱਲ੍ਹ ਅਹਿਮ ਸੁਵਾਈ ਹੋਣ ਦੀ ਉਮੀਦ ਹੈ।
Powered by Froala Editor
Jailed MP Amritpal Singh Again Knocks On The Door Of The High Court Know What He Has Demanded Now