ਸੰਸਦ ਦਾ ਭਾਸ਼ਣ ਇੰਸਟਾਗ੍ਰਾਮ ਤੇ ਬੈਨ ਕਰਨ ਤੇ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਬੋਲਿਆ ਹਮਲਾ ਕਿਹਾ- ਇਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦਾ ਘਾਣ ਤਾਨਾਸ਼ਾਹੀ ਦੀ ਸਭ ਤੋਂ ਵੱਡੀ ਮਿਸਾਲ
LPTV / New Delhi/chandigarh
ਪਿਛਲੇ 12 ਸਾਲਾਂ ਤੋਂ ਨਫ਼ਰਤ ਵਟਸਐਪ ਯੂਨੀਵਰਸਿਟੀ ਦੇ ਦਮ ਤੇ ਵੰਡਪਾਊ ਤੇ ਰਾਜ ਕਰੋ ਦੀ ਰਾਜਨੀਤੀ ਕਰ ਰਹੀ ਹੈ ਭਾਜਪਾ ਮੀਤ ਹੇਅਰ ਸੰਸਦ ਵਿੱਚ ਭਾਜਪਾ ਦੇ ਨਫ਼ਰਤੀ ਨੈਰੇਟਿਵ ਦਾ ਪਰਦਾਫਾਸ਼ ਕੀਤਾ ਇਸ ਲਈ ਨੀਟ ਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਗੰਭੀਰ ਮੁੱਦੇ ਵਾਲੀ ਇੰਸਟਾਗ੍ਰਾਮ ਵੀਡੀਓ ਨੂੰ ਬੈਨ ਕੀਤਾ ਮੀਤ ਹੇਅਰ ਸਰਕਾਰ ਨੂੰ ਆਪਣੇ ਮੰਤਰੀ ਦੇ ਅਸਤੀਫ਼ੇ ਦਾ ਦੁੱਖ ਨਹੀਂ ਸਗੋਂ ਇਸ ਗੱਲ ਦੀ ਤਕਲੀਫ਼ ਹੈ ਕਿ ਦੇਸ਼ ਦਾ ਨੌਜਵਾਨ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਸਿੱਖਿਆ ਦੇ ਮੁੱਦੇ ਤੇ ਇੱਕਜੁੱਟ ਕਿਵੇਂ ਹੋਇਆ ਹੇਅਰ ਭਾਜਪਾ ਨਹੀਂ ਚਾਹੁੰਦੀ ਕਿ ਆਗਾਮੀ ਚੋਣਾਂ ਵਿੱਚ ਸਿੱਖਿਆ ਬੇਰੁਜ਼ਗਾਰੀ ਮਹਿੰਗਾਈ ਅਤੇ ਨੌਜਵਾਨਾਂ ਦੇ ਭਵਿੱਖ ਤੇ ਚਰਚਾ ਹੋਵੇ ਕਿਉਂਕਿ ਅਸਲ ਮੁੱਦਿਆਂ ਤੇ ਉਸ ਕੋਲ ਜਨਤਾ ਨੂੰ ਜਵਾਬ ਦੇਣ ਲਈ ਕੁਝ ਨਹੀਂ ਹੈ ਹੇਅਰ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਲਈ ਆਪ ਹਰ ਸੰਭਵ ਕਾਨੂੰਨੀ ਅਤੇ ਸੰਵਿਧਾਨਕ ਕਦਮ ਚੁੱਕੇਗੀ ਹੇਅਰ ਚੰਡੀਗੜ੍ਹ 31 ਜੁਲਾਈ ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੰਸਦ ਦੇ ਅੰਦਰ ਲੋਕ ਹਿੱਤ ਦੇ ਮੁੱਦਿਆਂ ਤੇ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਨੂੰ ਭਾਰਤ ਵਿੱਚ ਇੰਸਟਾਗ੍ਰਾਮ ਤੇ ਬੈਨ ਕਰ ਦੇਣਾ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਭਾਜਪਾ ਸਰਕਾਰ ਆਲੋਚਨਾ ਤੋਂ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਰੀਬ 15 ਲੱਖ ਵੋਟਰਾਂ ਦੁਆਰਾ ਚੁਣੇ ਗਏ ਇੱਕ ਸੰਸਦ ਮੈਂਬਰ ਦੀ ਸੰਸਦ ਵਿੱਚ ਦਿੱਤੀ ਗਈ ਸਪੀਚ ਨੂੰ ਸੋਸ਼ਲ ਮੀਡੀਆ ਤੋਂ ਹਟਾਉਣਾ ਜਾਂ ਭਾਰਤ ਵਿੱਚ ਪ੍ਰਤੀਬੰਧਿਤ ਕਰਨਾ ਲੋਕਤੰਤਰੀ ਸੰਸਥਾਵਾਂ ਅਤੇ ਜਨਤਾ ਦੇ ਜਨਾਦੇਸ਼ ਦਾ ਅਪਮਾਨ ਹੈ। ਜੇਕਰ ਸੰਸਦ ਵਿੱਚ ਕਹੀ ਗਈ ਗੱਲ ਵੀ ਜਨਤਾ ਤੱਕ ਨਹੀਂ ਪਹੁੰਚਣ ਦਿੱਤੀ ਜਾਵੇਗੀ ਤਾਂ ਇਸ ਤੋਂ ਵੱਡੀ ਤਾਨਾਸ਼ਾਹੀ ਹੋਰ ਕੀ ਹੋ ਸਕਦੀ ਹੈ। ਮੀਤ ਹੇਅਰ ਨੇ ਕਿਹਾ ਕਿ ਸੰਸਦ ਵਿੱਚ ਨੀਟ ਪ੍ਰੀਖਿਆ ਨਾਲ ਜੁੜੇ ਬਿੱਲ ਤੇ ਚਰਚਾ ਦੌਰਾਨ ਉਨ੍ਹਾਂ ਨੇ ਪਿਛਲੇ 12 ਸਾਲਾਂ ਵਿੱਚ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਤੇ ਆਪਣੀ ਗੱਲ ਰੱਖੀ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਦੇਸ਼ ਭਰ ਵਿੱਚ ਨੀਟ ਪ੍ਰੀਖਿਆਰਥੀਆਂ ਦੁਆਰਾ ਕੀਤਾ ਗਿਆ ਅੰਦੋਲਨ ਕੇਵਲ ਪ੍ਰੀਖਿਆ ਤੱਕ ਸੀਮਤ ਨਹੀਂ ਸੀ ਸਗੋਂ ਇਹ ਦੇਸ਼ ਦੇ ਨੌਜਵਾਨਾਂ ਦੀ ਇੱਕਜੁੱਟਤਾ ਅਤੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਦਾ ਪ੍ਰਤੀਕ ਬਣ ਗਿਆ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੇ ਦਬਾਅ ਵਿੱਚ ਸਰਕਾਰ ਨੂੰ ਆਪਣੇ ਮੰਤਰੀ ਦਾ ਅਸਤੀਫ਼ਾ ਪ੍ਰਵਾਨ ਕਰਨਾ ਪਿਆ ਪਰ ਸਰਕਾਰ ਨੂੰ ਮੰਤਰੀ ਦੇ ਅਸਤੀਫ਼ੇ ਦਾ ਦੁੱਖ ਨਹੀਂ ਸਗੋਂ ਇਸ ਗੱਲ ਦੀ ਸਭ ਤੋਂ ਵੱਧ ਤਕਲੀਫ਼ ਹੈ ਕਿ ਪਹਿਲੀ ਵਾਰ ਦੇਸ਼ ਦਾ ਨੌਜਵਾਨ ਧਰਮ ਜਾਤ ਅਤੇ ਖੇਤਰ ਤੋਂ ਉੱਪਰ ਉੱਠ ਕੇ ਸਿੱਖਿਆ ਅਤੇ ਭਵਿੱਖ ਦੇ ਮੁੱਦੇ ਤੇ ਇੱਕਜੁੱਟ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਉਹ ਅੰਦੋਲਨ ਵਾਲੀ ਥਾਂ ਤੇ ਪਹੁੰਚੇ ਤਾਂ ਉੱਥੇ ਸਿੱਖ ਹਿੰਦੂ ਮੁਸਲਿਮ ਈਸਾਈ ਸਮੇਤ ਸਾਰੇ ਧਰਮਾਂ ਦੇ ਨੌਜਵਾਨ ਇੱਕ ਮੰਚ ਤੇ ਬੈਠੇ ਸਨ। ਸਾਰੇ ਦੇਸ਼ ਭਗਤੀ ਦੇ ਗੀਤ ਗਾ ਰਹੇ ਸਨ ਅਤੇ ਇੰਕਲਾਬ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ। ਇਹੋ ਏਕਤਾ ਭਾਜਪਾ ਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਪਿਛਲੇ 12 ਸਾਲਾਂ ਤੋਂ ਭਾਜਪਾ ਨੇ ਗੋਦੀ ਮੀਡੀਆ ਅਤੇ ਵਟਸਐਪ ਯੂਨੀਵਰਸਿਟੀ ਦੇ ਜ਼ਰੀਏ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਵੰਡਣ ਦਾ ਸਿਆਸੀ ਨੈਰੇਟਿਵ ਖੜ੍ਹਾ ਕੀਤਾ। ਪਰ ਨੌਜਵਾਨਾਂ ਦੇ ਇਸ ਅੰਦੋਲਨ ਨੇ ਉਸ ਪੂਰੇ ਨੈਰੇਟਿਵ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਭਾਜਪਾ ਦੀ ਵੰਡਪਾਊ ਰਾਜਨੀਤੀ ਦੀ ਪੋਲ ਖੋਲ੍ਹ ਦਿੱਤੀ। ਮੀਤ ਹੇਅਰ ਨੇ ਦੋਸ਼ ਲਾਇਆ ਕਿ ਭਾਜਪਾ ਨਹੀਂ ਚਾਹੁੰਦੀ ਕਿ ਉੱਤਰ ਪ੍ਰਦੇਸ਼ ਪੰਜਾਬ ਅਤੇ ਹੋਰ ਰਾਜਾਂ ਦੀਆਂ ਆਗਾਮੀ ਚੋਣਾਂ ਵਿੱਚ ਸਿੱਖਿਆ ਬੇਰੁਜ਼ਗਾਰੀ ਮਹਿੰਗਾਈ ਅਤੇ ਨੌਜਵਾਨਾਂ ਦੇ ਭਵਿੱਖ ਤੇ ਚਰਚਾ ਹੋਵੇ। ਭਾਜਪਾ ਚਾਹੁੰਦੀ ਹੈ ਕਿ ਚੋਣਾਂ ਕੇਵਲ ਹਿੰਦੂ-ਮੁਸਲਿਮ ਅਤੇ ਧਾਰਮਿਕ ਧਰੁਵੀਕਰਨ ਦੇ ਮੁੱਦਿਆਂ ਤੇ ਲੜੀਆਂ ਜਾਣ ਕਿਉਂਕਿ ਅਸਲ ਮੁੱਦਿਆਂ ਤੇ ਉਸ ਕੋਲ ਜਨਤਾ ਨੂੰ ਜਵਾਬ ਦੇਣ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਹਿੰਦੂ-ਸਿੱਖ ਦੇ ਨਾਂ ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੇਸ਼ ਅਤੇ ਪੰਜਾਬ ਦਾ ਨੌਜਵਾਨ ਹੁਣ ਜਾਗ ਚੁੱਕਾ ਹੈ ਅਤੇ ਭਾਜਪਾ ਦੀ ਰਾਜਨੀਤੀ ਨੂੰ ਸਮਝ ਚੁੱਕਾ ਹੈ। ਸੰਸਦ ਮੈਂਬਰ ਮੀਤ ਹੇਅਰ ਨੇ ਸਿੱਖਿਆ ਵਿਵਸਥਾ ਤੇ ਵੀ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਬਜਾਏ ਦਿਖਾਵੇ ਦੇ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ਾਂ ਵਿੱਚ ਪ੍ਰੀਖਿਆ ਪ੍ਰਸ਼ਨ ਪੱਤਰਾਂ ਦੀ ਢੋਆ-ਢੁਆਈ ਲਈ ਹਵਾਈ ਸੈਨਾ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਦਕਿ ਭਾਰਤ ਵਿੱਚ ਅਜਿਹੇ ਫ਼ੈਸਲਿਆਂ ਨੂੰ ਪ੍ਰਾਪਤੀ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਟੈਲੀਗ੍ਰਾਮ ਵਰਗੇ ਪਲੇਟਫਾਰਮਾਂ ਤੇ ਬੈਨ ਲਗਾਉਣ ਦੀ ਗੱਲ ਕਰਦੀ ਹੈ ਜਦਕਿ ਲੋੜ ਸਿੱਖਿਆ ਵਿਵਸਥਾ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਸਿਤ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਤੋਂ ਸਿੱਖਣ ਦੀ ਲੋੜ ਹੈ ਨਾ ਕਿ ਉਨ੍ਹਾਂ ਦੇਸ਼ਾਂ ਦੀ ਕਤਾਰ ਵਿੱਚ ਖੜ੍ਹੇ ਹੋਣ ਦੀ ਜਿੱਥੇ ਲੋਕਤੰਤਰੀ ਸੰਸਥਾਵਾਂ ਕਮਜ਼ੋਰ ਹਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਮੀਤ ਹੇਅਰ ਨੇ ਕਿਹਾ ਕਿ ਸੰਸਦ ਵਿੱਚ ਉਨ੍ਹਾਂ ਨੇ ਕੋਈ ਵੀ ਗ਼ੈਰ-ਸੰਸਦੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਸੀ। ਉਨ੍ਹਾਂ ਨੇ ਕੇਵਲ ਭਾਜਪਾ ਦੀ ਉਸ ਰਾਜਨੀਤੀ ਨੂੰ ਉਜਾਗਰ ਕੀਤਾ ਜਿਸ ਵਿੱਚ ਲੋਕਾਂ ਨੂੰ ਧਰਮ ਜਾਤ ਅਤੇ ਭਾਈਚਾਰੇ ਦੇ ਨਾਂ ਤੇ ਵੰਡ ਕੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਸੰਸਦ ਦੀ ਸਪੀਚ ਨੂੰ ਭਾਰਤ ਵਿੱਚ ਇੰਸਟਾਗ੍ਰਾਮ ਤੇ ਬਲਾਕ ਕਰ ਦਿੱਤਾ ਗਿਆ। ਉਨ੍ਹਾਂ ਨੇ ਪੱਤਰਕਾਰਾਂ ਸਾਹਮਣੇ ਸਬੂਤ ਵੀ ਦਿਖਾਇਆ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੇ ਵੀਡੀਓ ਦਿਖਾਈ ਦੇ ਰਹੀ ਹੈ ਪਰ ਭਾਰਤ ਵਿੱਚ ਲਿੰਕ ਖੋਲ੍ਹਣ ਤੇ Post is not available in India ਦਾ ਸੰਦੇਸ਼ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਸਦ ਵਿੱਚ ਦਿੱਤੇ ਗਏ ਭਾਸ਼ਣ ਤੇ ਵੀ ਇਸ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ ਤਾਂ ਇਹ ਲੋਕਤੰਤਰ ਤੇ ਸਿੱਧਾ ਹਮਲਾ ਹੈ। ਕਾਨੂੰਨੀ ਕਾਰਵਾਈ ਦੇ ਸਵਾਲ ਤੇ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਾਨੂੰਨੀ ਟੀਮ ਪੂਰੇ ਮਾਮਲੇ ਦਾ ਅਧਿਐਨ ਕਰ ਰਹੀ ਹੈ ਅਤੇ ਸਾਰੇ ਕਾਨੂੰਨੀ ਬਦਲਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਲਈ ਪਾਰਟੀ ਹਰ ਸੰਭਵ ਕਾਨੂੰਨੀ ਅਤੇ ਸੰਵਿਧਾਨਕ ਕਦਮ ਚੁੱਕੇਗੀ। ਨੀਟ ਅੰਦੋਲਨ ਦੌਰਾਨ ਵਿਦਿਆਰਥੀਆਂ ਤੇ ਦਰਜ ਕੀਤੇ ਜਾ ਰਹੇ ਮੁਕੱਦਮਿਆਂ ਨੂੰ ਲੈ ਕੇ ਮੀਤ ਹੇਅਰ ਨੇ ਭਾਜਪਾ ਸਰਕਾਰ ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅੰਦੋਲਨ ਖ਼ਤਮ ਕਰਵਾਉਂਦੇ ਸਮੇਂ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਕੋਈ ਐੱਫਆਈਆਰ ਜਾਂ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਪਰ ਹੁਣ ਉਨ੍ਹਾਂ ਹੀ ਵਿਦਿਆਰਥੀਆਂ ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਨੂੰ ਸਰਕਾਰ ਦੀ ਧੋਖੇਬਾਜ਼ੀ ਅਤੇ ਦਮਨਕਾਰੀ ਮਾਨਸਿਕਤਾ ਦਾ ਸਬੂਤ ਦੱਸਦਿਆਂ ਕਿਹਾ ਕਿ ਜੋ ਨੌਜਵਾਨ ਦੇਸ਼ ਦੇ ਭਵਿੱਖ ਅਤੇ ਸਿੱਖਿਆ ਵਿਵਸਥਾ ਲਈ ਸੰਘਰਸ਼ ਕਰ ਰਹੇ ਸਨ ਉਨ੍ਹਾਂ ਨੂੰ ਅਪਰਾਧੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਦਿਆਰਥੀ ਅੰਦੋਲਨ ਦੌਰਾਨ ਪੁਲਿਸ ਦੁਆਰਾ ਬਹੁਤ ਜ਼ਿਆਦਾ ਬਲ ਦੀ ਵਰਤੋਂ ਕੀਤੀ ਗਈ। ਕਈ ਵੀਡੀਓਜ਼ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਅਤੇ ਅਣਮਨੁੱਖੀ ਵਰਤੋਂ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕਤੰਤਰੀ ਤਰੀਕੇ ਨਾਲ ਆਪਣੀ ਗੱਲ ਰੱਖਣ ਵਾਲੇ ਨੌਜਵਾਨਾਂ ਤੇ ਇਸ ਤਰ੍ਹਾਂ ਦਾ ਧੱਕਾ-ਦਮਨ ਨਾ-ਮਨਜ਼ੂਰ ਹੈ। ਆਮ ਆਦਮੀ ਪਾਰਟੀ ਵਿਦਿਆਰਥੀਆਂ ਦੇ ਸੰਘਰਸ਼ ਨਾਲ ਪਹਿਲਾਂ ਵੀ ਖੜ੍ਹੀ ਸੀ ਅਤੇ ਅੱਗੇ ਵੀ ਪੂਰੀ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ। ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਦਰਜ ਐੱਫਆਈਆਰ ਦੇ ਸਵਾਲ ਤੇ ਮੀਤ ਹੇਅਰ ਨੇ ਕਿਹਾ ਕਿ ਅੱਜ ਹਾਲਾਤ ਅਜਿਹੇ ਬਣਾ ਦਿੱਤੇ ਗਏ ਹਨ ਕਿ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਅਤੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੌਜਵਾਨਾਂ ਨੂੰ ਮੁਕੱਦਮਿਆਂ ਅਤੇ ਦਮਨ ਜ਼ਰੀਏ ਡਰਾਉਣਾ ਚਾਹੁੰਦੀ ਹੈ ਪਰ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ ਅਤੇ ਇੱਥੋਂ ਦਾ ਨੌਜਵਾਨ ਨਾ ਤਾਨਾਸ਼ਾਹੀ ਤੋਂ ਦਬੇਗਾ ਅਤੇ ਨਾ ਹੀ ਧਮਕੀਆਂ ਤੋਂ ਪਿੱਛੇ ਹਟੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਵੀ ਨੌਜਵਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਕੇ ਸਿਆਸੀ ਨੁਕਸਾਨ ਉਠਾਇਆ ਹੈ ਅਤੇ ਜੇਕਰ ਉਹ ਇਸੇ ਰਸਤੇ ਤੇ ਚੱਲਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਜਨਤਾ ਉਸ ਨੂੰ ਕਰਾਰਾ ਜਵਾਬ ਦੇਵੇਗੀ।
Banning Parliament Speech On Instagram Is Assault On Democracy Freedom Of Expression Biggest Example Of Dictatorship Meet Hayer