ਹੈੱਡਮਾਸਟਰ ਕਤਲ ਮਾਮਲੇ ਚ ਪਰਿਵਾਰ ਦਾ ਮਹਿਲਾ ਅਧਿਆਪਕਾ ਤੇ ਸ਼ੱਕ, ਪੁਲਿਸ ਵੱਲੋਂ ਜਾਂਚ ਤੇਜ਼
August 11, 2026 / punjab
Lptv News /
Panjab
ਸੰਨੀ ਐਨਕਲੇਵ ਵਿੱਚ ਹੈੱਡਮਾਸਟਰ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿੱਚ ਪਰਿਵਾਰ ਨੇ ਇੱਕ ਮਹਿਲਾ ਅਧਿਆਪਕਾ ਤੇ ਗੰਭੀਰ ਦੋਸ਼ ਲਗਾਉਂਦਿਆਂ ਪੁਰਾਣੀ ਰੰਜਿਸ਼ ਕਾਰਨ ਹਮਲਾ ਕਰਵਾਏ ਜਾਣ ਦਾ ਸ਼ੱਕ ਜਤਾਇਆ ਹੈ। ਪੁਲਿਸ ਵੱਲੋਂ ਪਰਿਵਾਰ ਦੇ ਦੋਸ਼ਾਂ ਸਮੇਤ ਕਤਲ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। 48 ਸਾਲਾ ਗੁਰਸੇਵਕ ਸਿੰਘ ਤੇ ਕੁਝ ਦਿਨ ਪਹਿਲਾਂ ਸੰਨੀ ਐਨਕਲੇਵ ਸਥਿਤ ਉਨ੍ਹਾਂ ਦੇ ਘਰ ਨੇੜੇ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ।
ਗੰਭੀਰ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਐਤਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪਰਿਵਾਰ ਮੁਤਾਬਕ ਗੁਰਸੇਵਕ ਸਿੰਘ ਨੇ ਕੁਝ ਸਮਾਂ ਪਹਿਲਾਂ ਸਕੂਲ ਵਿੱਚ ਤਾਇਨਾਤ ਇੱਕ ਮਹਿਲਾ ਅਧਿਆਪਕਾ ਦੀ ਕਥਿਤ ਲਾਪਰਵਾਹੀ ਸਬੰਧੀ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਸ਼ਿਕਾਇਤ ਤੋਂ ਬਾਅਦ ਅਧਿਆਪਕਾ ਦਾ ਤਬਾਦਲਾ ਹੋ ਗਿਆ ਸੀ ਅਤੇ ਇਸੇ ਰੰਜਿਸ਼ ਕਾਰਨ ਹਮਲਾ ਕਰਵਾਏ ਜਾਣ ਦਾ ਸ਼ੱਕ ਹੈ। ਹਾਲਾਂਕਿ, ਇਸ ਦੋਸ਼ ਦੀ ਪੁਲਿਸ ਜਾਂਚ ਜਾਰੀ ਹੈ। ਪੁਲਿਸ ਟੀਮ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਸਮੇਤ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੁਹਾਲੀ ਦੀ ਡੀਈਓ ਗਿੰਨੀ ਦੁੱਗਲ ਨੇ ਗੁਰਸੇਵਕ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮਿਹਨਤੀ ਅਤੇ ਜ਼ਿੰਮੇਵਾਰ ਅਧਿਕਾਰੀ ਦੱਸਿਆ। ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਦਾ ਦੇਹਾਂਤ ਸਿੱਖਿਆ ਵਿਭਾਗ ਲਈ ਵੱਡਾ ਘਾਟਾ ਹੈ।
Family suspects female teacher in headmaster murder case police intensify investigation