ਮਾਝੇ ਦੇ 200 ਤੋਂ ਵੱਧ ਲੋਕਾਂ ਨਾਲ 50 ਕਰੋੜ ਦੀ ਠੱਗੀ ਦੇ ਦੋਸ਼, ਮੁਲਜ਼ਮ ਭਰਾ ਫ਼ਰਾਰ
August 11, 2026 / punjab
Lptv News /
Panjab
ਸ਼ਹਿਰ ਵਿੱਚ ਇਸ ਤੋਂ ਪਹਿਲਾਂ ਵੀ ਕਰੀਬ 1,500 ਲੋਕਾਂ ਨਾਲ 400 ਕਰੋੜ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ
ਪੀੜਤਾਂ ਮੁਤਾਬਕ ਨਿਊ ਅੰਮ੍ਰਿਤਸਰ ਵਿੱਚ ਚੱਲ ਰਿਹਾ ਮੁਲਜ਼ਮਾਂ ਦਾ ਦਫ਼ਤਰ ਬੰਦ ਹੈ
ਮਾਝਾ ਖੇਤਰ ਦੇ 200 ਤੋਂ ਵੱਧ ਲੋਕਾਂ ਨੂੰ ਪੈਸੇ 20 ਤੋਂ 24 ਮਹੀਨਿਆਂ ਵਿੱਚ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰੀਬ 50 ਕਰੋੜ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਦੋ ਭਰਾਵਾਂ ਤੇ ਲੱਗੇ ਹਨ। ਪੀੜਤਾਂ ਮੁਤਾਬਕ ਨਿਊ ਅੰਮ੍ਰਿਤਸਰ ਵਿੱਚ ਚੱਲ ਰਿਹਾ ਮੁਲਜ਼ਮਾਂ ਦਾ ਦਫ਼ਤਰ ਬੰਦ ਹੈ ਅਤੇ ਦੋਵਾਂ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ। ਪੀੜਤਾਂ ਨੇ ਕਿਸਾਨ ਆਗੂਆਂ ਦੀ ਹਮਾਇਤ ਨਾਲ ਕੰਵਰ ਐਵੀਨਿਊ ਸਥਿਤ ਉਨ੍ਹਾਂ ਦੇ ਘਰਾਂ ਬਾਹਰ ਧਰਨਾ ਦਿੱਤਾ।
ਪੀੜਤਾਂ ਅਨੁਸਾਰ ਜੁਗਰਾਜ ਸਿੰਘ ਅਤੇ ਉਸ ਦੇ ਭਰਾ ਜਰਨੈਲ ਸਿੰਘ ਨੇ ਕਰੀਬ ਪੰਜ ਸਾਲ ਪਹਿਲਾਂ ਨਿਊ ਅੰਮ੍ਰਿਤਸਰ ਵਿੱਚ ਦਫ਼ਤਰ ਖੋਲ੍ਹ ਕੇ ਰੀਅਲ ਅਸਟੇਟ ਅਤੇ ਟਰੇਡਿੰਗ ਵਿੱਚ ਨਿਵੇਸ਼ ਦੇ ਨਾਂ ਤੇ ਲੋਕਾਂ ਤੋਂ ਪੈਸਾ ਇਕੱਠਾ ਕੀਤਾ। ਦੋਸ਼ ਹੈ ਕਿ ਨਿਵੇਸ਼ਕਾਂ ਨੂੰ 20 ਤੋਂ 24 ਮਹੀਨਿਆਂ ਵਿੱਚ ਰਕਮ ਦੁੱਗਣੀ ਕਰਨ ਦਾ ਭਰੋਸਾ ਦਿੱਤਾ ਜਾਂਦਾ ਸੀ। ਕੁਝ ਲੋਕਾਂ ਨੂੰ ਪਠਾਨਕੋਟ ਵਿੱਚ ਕਾਲੋਨੀਆਂ ਅਤੇ ਪਲਾਟ ਵੀ ਦਿਖਾਏ ਗਏ।
ਪੀੜਤਾਂ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਖਾਸ ਤੌਰ ਤੇ ਸੇਵਾਮੁਕਤ ਫੌਜੀ ਜਵਾਨਾਂ, ਪੀਐੱਸਪੀਸੀਐੱਲ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ। ਪਹਿਲਾਂ ਕਿਸੇ ਇੱਕ ਵਿਅਕਤੀ ਨੂੰ ਨਿਵੇਸ਼ ਲਈ ਤਿਆਰ ਕਰਕੇ ਉਸ ਰਾਹੀਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਪੈਸਾ ਲਗਵਾਇਆ ਜਾਂਦਾ ਸੀ ਅਤੇ ਇਸ ਬਦਲੇ ਕਮਿਸ਼ਨ ਦੇਣ ਦਾ ਲਾਲਚ ਦਿੱਤਾ ਜਾਂਦਾ ਸੀ। ਪੀੜਤਾਂ ਨੇ ਦੱਸਿਆ ਕਿ ਕਈ ਪਰਿਵਾਰਾਂ ਨੇ ਜ਼ਮੀਨ ਅਤੇ ਘਰ ਗਿਰਵੀ ਰੱਖ ਕੇ ਲੱਖਾਂ ਅਤੇ ਕਰੋੜਾਂ ਰੁਪਏ ਨਿਵੇਸ਼ ਕੀਤੇ।
ਸੁਲਤਾਨਵਿੰਡ ਦੀ ਗੁਰਪ੍ਰੀਤ ਕੌਰ ਮੁਤਾਬਕ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਕਰੋੜਾਂ ਰੁਪਏ ਲਗਾਏ, ਪਰ ਪਿਛਲੇ ਇੱਕ ਸਾਲ ਤੋਂ ਰਕਮ ਵਾਪਸ ਨਹੀਂ ਮਿਲੀ। ਖਲਚੀਆਂ ਨੇੜੇ ਦੀ ਨਿਰਮਲ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ 50 ਲੱਖ ਰੁਪਏ ਇਕੱਠੇ ਕਰਨ ਲਈ ਘਰ ਅਤੇ ਜ਼ਮੀਨ ਗਿਰਵੀ ਰੱਖੀ ਸੀ।
ਇਸੇ ਤਰ੍ਹਾਂ ਬਿਆਸ ਖੇਤਰ ਦੇ ਨਵਦੀਪ ਸਿੰਘ ਨੇ 8 ਲੱਖ ਰੁਪਏ ਨਿਵੇਸ਼ ਕੀਤੇ, ਜਿਨ੍ਹਾਂ ਵਿੱਚੋਂ 4 ਲੱਖ ਵਾਪਸ ਮਿਲ ਗਏ ਪਰ ਬਾਕੀ ਰਕਮ ਨਹੀਂ ਮਿਲੀ।
ਅਜਨਾਲਾ ਦੇ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੇ ਜ਼ਮੀਨ ਗਿਰਵੀ ਰੱਖ ਕੇ ਇੱਕ ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਮੁਲਜ਼ਮਾਂ ਨੂੰ ਦੇ ਦਿੱਤਾ, ਪਰ ਉਸ ਨੂੰ ਰਕਮ ਦੇ ਬਦਲੇ ਕੁਝ ਨਹੀਂ ਮਿਲਿਆ। ਇਸਲਾਮਾਬਾਦ ਥਾਣੇ ਦੇ ਇੰਚਾਰਜ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ ਪੀੜਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੀ ਧਿਰ ਨੂੰ ਵੀ ਥਾਣੇ ਬੁਲਾ ਕੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼ਹਿਰ ਵਿੱਚ ਇਸ ਤੋਂ ਪਹਿਲਾਂ ਵੀ ਕਰੀਬ 1,500 ਲੋਕਾਂ ਨਾਲ 400 ਕਰੋੜ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਉਸ ਮਾਮਲੇ ਵਿੱਚ 12 ਮੁਲਜ਼ਮਾਂ ਖ਼ਿਲਾਫ਼ ਦੋ ਐੱਫਆਈਆਰ ਦਰਜ ਹੋਈਆਂ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜ਼ਮਾਨਤ ਤੇ ਹਨ ਅਤੇ ਤਿੰਨ ਨੂੰ ਭਗੌੜਾ ਦੱਸਿਆ ਗਿਆ ਹੈ।
Accused brothers absconding after allegedly swindling over 200 people in majha out of 50 crore