ਖਨੌਰੀ ਬਾਰਡਰ ਸੀਲ, 4 ਸਤੰਬਰ ਨੂੰ ਕਿਸਾਨਾਂ ਦੀ ਕੇਂਦਰੀ ਮੰਤਰੀ ਨਾਲ ਮੀਟਿੰਗ
LPTV News / Panjab
ਐੱਸ.ਕੇ.ਐੱਮ. (ਗ਼ੈਰ-ਰਾਜਨੀਤਿਕ) ਵੱਲੋਂ ਕਿਸਾਨਾਂ ਨੂੰ ਪੈਦਲ ਦਿੱਲੀ ਜਾਣ ਦੇ ਸੱਦੇ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਨੇ ਪੰਜਾਬ ਨੂੰ ਹਰਿਆਣਾ ਅਤੇ ਦਿੱਲੀ ਨਾਲ ਜੋੜਨ ਵਾਲਾ ਦਾਤਾ ਸਿੰਘ ਵਾਲਾ ਬਾਰਡਰ ਸੀਲ ਕਰ ਦਿੱਤਾ ਹੈ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 4 ਸਤੰਬਰ ਨੂੰ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਕਿਸਾਨ ਆਗੂਆਂ ਦੇ ਵਫ਼ਦ ਨਾਲ ਮੀਟਿੰਗ ਕਰਨਗੇ। ਡੱਲੇਵਾਲ ਮੁਤਾਬਕ ਇਸੇ ਦਿਨ ਮਨੋਹਰ ਲਾਲ ਖੱਟਰ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਵੀ ਮੀਟਿੰਗ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੰਭਾਵਨਾ ਹੈ ਕਿ ਖੇਤੀਬਾੜੀ ਮੰਤਰੀ ਵੀ 4 ਸਤੰਬਰ ਦੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਅਤੇ ਮੁੱਦੇ ਪੂਰੀ ਤਾਕਤ ਨਾਲ ਰੱਖੇ ਜਾਣਗੇ ਅਤੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬਾਰਡਰ ਚਾਰ ਦਿਨਾਂ ਤੋਂ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਸਥਾਨਕ ਕਾਰੋਬਾਰਾਂ ਤੇ ਵੀ ਅਸਰ ਪੈਣ ਦੀ ਚਿੰਤਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਫਰਵਰੀ 2024 ਤੋਂ ਕਰੀਬ 13 ਮਹੀਨਿਆਂ ਤੱਕ ਖਨੌਰੀ ਬਾਰਡਰ ਤੇ ਪੱਕਾ ਮੋਰਚਾ ਲਾਇਆ ਸੀ। ਉਸ ਦੌਰਾਨ ਸੜਕਾਂ ਬੰਦ ਰਹਿਣ ਕਾਰਨ ਖਨੌਰੀ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਸਥਾਨਕ ਕਾਰੋਬਾਰ ਵੀ ਪ੍ਰਭਾਵਿਤ ਹੋਏ ਸਨ। ਬਾਰਡਰ ਮੁੜ ਬੰਦ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਪਿਛਲੀ ਸਥਿਤੀ ਦੁਹਰਾਉਣ ਦਾ ਡਰ ਹੈ।
Khanauri Border Sealed Farmers To Meet Union Minister On September 4