ਡਿਪਟੀ ਕਮਿਸ਼ਨਰ ਨੇ ਜੰਗੀ ਪੱਧਰ ’ਤੇ ਨਿਗਰਾਨੀ ਕਰਨ ਦੇ ਨਾਲ-ਨਾਲ ਘਰ-ਘਰ ਜਾਂਚ ਅਤੇ ਫੋਗਿੰਗ ਦੇ ਦਿੱਤੇ ਸਖਤ ਨਿਰਦੇਸ਼
August 7, 2026 / Health
ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡੇਂਗੂ ਵਿਰੋਧੀ ਮੁਹਿੰਮ ਤੇਜ਼ ਕਰਨ ਦੇ ਹੁਕਮ ਦਿੱਤੇ
ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ
Lptv Bureau / Kapurthala
ਜ਼ਿਲ੍ਹੇ ਵਿੱਚ ਡੇਂਗੂ ਦੇ 16 ਮਾਮਲੇ ਸਾਹਮਣੇ ਆਉਣ ‘ਤੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡੇਂਗੂ ਵਿਰੋਧੀ ਮੁਹਿੰਮ ਤੇਜ਼ ਕਰਨ, ਘਰ-ਘਰ ਲਾਰਵੇ ਦੀ ਜਾਂਚ ਅਤੇ ਨਿਗਰਾਨੀ ਜੰਗੀ ਪੱਧਰ ਤੇ ਕਰਨ ਦੇ ਹੁਕਮ ਦਿੱਤੇ।
ਉਨ੍ਹਾਂ ਕਿਹਾ ਕਿ ਇਸ ਵਿਆਪਕ ਯੋਜਨਾਬੰਧੀ ਦੇ ਤਹਿਤ ਡੇਂਗੂ ਲਾਰਵੇ ਦੇ ਪਛਾਣੇ ਗਏ ਹੌਟਸਪੌਟ ਖੇਤਰਾਂ ਵਿੱਚ ਘਰ-ਘਰ ਜਾ ਕੇ ਜਾਂਚ ਕਰਨ, ਬੁਖਾਰ ਦੀ ਨਿਗਰਾਨੀ ਅਤੇ ਜਨਤਕ ਜਾਗਰੂਕਤਾ ਗਤੀਵਿਧੀਆਂ ਲਈ ਕਈ ਐਂਟੀ-ਲਾੜਵਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਫੋਗਿੰਗ ਮੁਹਿੰਮ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਆਪਸੀ ਤਾਲਮੇਲ ਨਾਲ ਨਿਗਰਾਨੀ, ਮੱਛਰਾਂ ਦੇ ਪੈਦਾ ਹੋਣ ਵਾਲੇ ਥਾਂ ਦੀ ਪਛਾਣ ਕਰਨ,ਉਸਨੂੰ ਨਸ਼ਟ ਕਰਨਾ ਅਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਇਸ ਵੈਕਟਰ-ਬੋਰਨ ਬਿਮਾਰੀ ਦੇ ਫੈਲਾਅ ਨੂੰ ਰੋਕਣਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਲਟੀ-ਪਰਪਜ਼ ਹੈਲਥ ਵਰਕਰਾਂ, ਕਮਿਊਨਿਟੀ ਹੈਲਥ ਅਫਸਰਾਂ, ਆਸ਼ਾ ਵਰਕਰਾਂ, ਬ੍ਰੀਡਿੰਗ ਚੈਕਰਾਂ, ਨਰਸਿੰਗ ਵਿਦਿਆਰਥੀਆਂ, ਸੈਨੇਟਰੀ ਇੰਸਪੈਕਟਰਾਂ, ਗ੍ਰਾਮ ਰੋਜ਼ਗਾਰ ਸੇਵਕਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਪਿੰਡ ਦੀ ਸਿਹਤ, ਸਫਾਈ ਅਤੇ ਪੋਸ਼ਣ ਕਮੇਟੀਆਂ ਵਾਲੀਆਂ ਸਾਂਝੀਆਂ ਟੀਮਾਂ ਨੂੰ ਪੂਰੇ ਜ਼ਿਲ੍ਹੇ ਵਿੱਚ ਲਗਾਇਆ ਗਿਆ ਹੈ। ਇਹ ਟੀਮਾਂ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਘਰ-ਘਰ ਜਾ ਕੇ ਜਾਂਚ ਕਰ ਰਹੀਆਂ ਹਨ, ਲੋੜ ਅਨੁਸਾਰ ਲਾਰਵਾ ਨਸ਼ਟ ਕਰਨ ਵਾਲੀ ਦਵਾਈ ਦਾ ਛਿੜਕਾਅ ਕਰ ਰਹੀਆਂ ਹਨ, ਬੁਖਾਰ ਦੀ ਸਰਗਰਮ ਨਿਗਰਾਨੀ ਅਤੇ ਮਰੀਜ਼ਾਂ ਦੀ ਪਛਾਣ ਕਰ ਰਹੀਆਂ ਹਨ, ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕਰ ਰਹੀਆਂ ਹਨ ਅਤੇ ਨਗਰ ਕੌਂਸਲਾਂ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਮਿਲ ਕੇ ਪ੍ਰਭਾਵਿਤ ਇਲਾਕਿਆਂ ਵਿੱਚ ਫੋਗਿੰਗ ਦਾ ਤਾਲਮੇਲ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਕਪੂਰਥਲਾ ਅਤੇ ਫਗਵਾੜਾ ਦੀਆਂ ਨਗਰ ਨਿਗਮਾਂ ਨੂੰ ਵੀ ਸਾਰੇ ਇਲਾਕਿਆਂ ਵਿੱਚ ਫੋਗਿੰਗ ਦਾ ਕੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਪਾਣੀ ਸਟੋਰ ਕਰਨ ਵਾਲੇ ਸਾਰੇ ਬਰਤਨ ਢੱਕ ਕੇ ਰੱਖੇ ਜਾਣ ਅਤੇ ਉਨ੍ਹਾਂ ਦੀ ਨਿਯਮਤ ਸਫਾਈ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਪੁਰਾਣੇ ਟਾਇਰ, ਟੁੱਟੇ ਗਮਲੇ, ਬੇਕਾਰ ਬਰਤਨ, ਫਾਲਤੂ ਡੱਬੇ/ਕੰਟੇਨਰ ਅਤੇ ਹੋਰ ਅਜਿਹੀਆਂ ਵਸਤੂਆਂ ਹਟਾਉਣ ਦੀ ਸਲਾਹ ਦਿੱਤੀ ਜਿਨ੍ਹਾਂ ਵਿੱਚ ਮੀਂਹ ਦਾ ਪਾਣੀ ਇਕੱਠਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਕੂਲਰਾਂ, ਗਮਲਿਆਂ ਅਤੇ ਪਾਣੀ ਦੀਆਂ ਟਰੇਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸਾਫ਼ ਕਰਕੇ ਸੁਕਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ, "ਡੇਂਗੂ ਤੋਂ ਬਚਾਅ ਸਿਰਫ਼ ਸਰਕਾਰੀ ਵਿਭਾਗਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋ ਇਹ ਇੱਕ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੈ। ਜਨਤਕ ਜਾਗਰੂਕਤਾ ਅਤੇ ਸਰਗਰਮ ਭਾਈਚਾਰਕ ਭਾਗੀਦਾਰੀ ਡੇਂਗੂ ਵਿਰੁੱਧ ਸਾਡੀ ਲੜਾਈ ਵਿੱਚ ਸਭ ਤੋਂ ਵੱਡੇ ਹਥਿਆਰ ਹਨ।
" ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਢਿਲਵਾਂ ਬਲਾਕ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਵਜੋਂ ਸਾਹਮਣੇ ਆਇਆ ਹੈ, ਜਿੱਥੇ ਹੁਣ ਤੱਕ ਡੇਂਗੂ ਦੇ ਛੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕਾਲਾ ਸੰਘਿਆਂ ਅਤੇ ਅਰਬਨ ਕਪੂਰਥਲਾ ਬਲਾਕਾਂ ਵਿੱਚ ਚਾਰ-ਚਾਰ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਅਰਬਨ ਫਗਵਾੜਾ ਅਤੇ ਪੰਚਹੱਟ ਬਲਾਕਾਂ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਦੇ ਨਾਲ-ਨਾਲ ਪਿਛਲੇ ਸਾਲਾਂ ਦੌਰਾਨ ਡੇਂਗੂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਾਰੇ ਇਲਾਕੇ ਨਜ਼ਦੀਕੀ ਨਿਗਰਾਨੀ ਹੇਠ ਹਨ। ਡੇਂਗੂ ਤੋਂ ਬਚਾਅ ਲਈ ਕੀ ਕਰੀਏ ਅਤੇ ਕੀ ਨਾ ਕਰੀਏ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਕੂਲਰਾਂ, ਗਮਲਿਆਂ ਅਤੇ ਪਾਣੀ ਵਾਲੇ ਹੋਰ ਬਰਤਨਾਂ ਨੂੰ ਖਾਲੀ ਕਰਕੇ ਸਾਫ਼ ਕਰੋ। ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਅਤੇ ਅਜਿਹੇ ਕੱਪੜਿਆਂ ਤੋਂ ਪਰਹੇਜ਼ ਕਰੋ ਜਿਨ੍ਹਾਂ ਨਾਲ ਬਾਹਾਂ ਅਤੇ ਲੱਤਾਂ ਨੰਗੀਆਂ ਰਹਿੰਦੀਆਂ ਹੋਣ। ਇਹ ਯਕੀਨੀ ਬਣਾਓ ਕਿ ਬੱਚੇ ਬਾਹਰ ਖੇਡਦੇ ਸਮੇਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ।
ਮੱਛਰ ਭਜਾਉਣ ਵਾਲੀਆਂ ਦਵਾਈਆਂ/ਕ੍ਰੀਮਾਂ, ਖਿੜਕੀਆਂ ਦੀਆਂ ਜਾਲੀਆਂ ਅਤੇ ਮੱਛਰਦਾਨੀ ਦੀ ਵਰਤੋਂ ਕਰੋ, ਖਾਸ ਕਰਕੇ ਦਿਨ ਦੇ ਸਮੇਂ ਜਦੋਂ ਡੇਂਗੂ ਦੇ ਮੱਛਰ ਸਭ ਤੋਂ ਵੱਧ ਸਰਗਰਮ ਹੁੰਦੇ ਹਨ। ਜੇਕਰ ਤੁਹਾਨੂੰ ਤੇਜ਼ ਬੁਖਾਰ, ਸਿਰ ਵਿੱਚ ਤੇਜ਼ ਦਰਦ, ਸਰੀਰ ਵਿੱਚ ਦਰਦ ਜਾਂ ਡੇਂਗੂ ਦੇ ਹੋਰ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਲਓ। ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸਹਾਇਤਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
kapurthala dengue antidenguedrive deputycommissioner akashbansal publichealth healthdepartment fogging feversurveillance mosquitocontrol diseaseprevention punjabhealth phagwara dhilwan punjabnews lptv
Recommended News
Popular Posts
Just Now