CANADA NEWS - ਕੈਨੇਡਾ ’ਚ ਅਗਸਤ ਦੌਰਾਨ ਪੈਦਾ ਹੋਈਆਂ 40,000 ਨੌਕਰੀਆਂ
LPTV / Chandigarh
ਵਿਦੇਸ਼ ਡੈਸਕ: ਕੈਨੇਡੀਅਨ ਅਰਥ ਵਿਵਸਥਾ ’ਚ ਅਗਸਤ ਦੌਰਾਨ 40,000 ਦੇ ਲਗਭਗ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ, ਜੋ ਕਿ ਅਨੁਮਾਨ ਨਾਲੋਂ ਦੁੱਗਣੀ ਗਿਣਤੀ ਹੈ ਪਰ ਇਸ ਦੌਰਾਨ ਆਬਾਦੀ ’ਚ ਜਿੰਨਾ ਵਾਧਾ ਹੋਇਆ, ਨਵੀਆਂ ਨੌਕਰੀਆਂ ਉਸ ਨਾਲੋਂ ਅੱਧੇ ਤੋਂ ਵੀ ਘੱਟ ਹੀ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਕੈਨੇਡੀਅਨ ਆਬਾਦੀ ’ਚ ਅਗਸਤ ਦੌਰਾਨ 103,000 ਲੋਕ ਸ਼ਾਮਲ ਹੋਏ। ਇਸ ਕਰਕੇ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਜੇ ਕੰਮਕਾਜ ਦੀ ਉਮਰ ਵਾਲੀ ਆਬਾਦੀ ਅਤੇ ਨੌਕਰੀ ਕਰ ਰਹੇ ਲੋਕਾਂ ਦੀ ਤੁਲਨਾ ਕੀਤਾ ਜਾਵੇ, ਤਾਂ ਇਸ ਦਰ ’ਚ 0.1 ਫ਼ੀਸਦੀ ਦਾ ਨਿਘਾਰ ਹੀ ਹੋਇਆ ਹੈ। ਉਤਪਾਦਨ, ਖੇਤੀ, ਲੋਕ ਪ੍ਰਸ਼ਾਸਨ, ਵਿੱਤ, ਇੰਸ਼ੋਰੈਂਸ, ਰੀਅਲ ਅਸਟੇਟ, ਵਿੱਦਿਅਕ ਸੇਵਾਵਾਂ ਦੇ ਖੇਤਰ ਵਿਚ ਨੌਕਰੀਆਂ ਵਿਚ ਨਿਘਾਰ ਹੋਇਆ ਹੈ, ਜਦਕਿ ਕੰਸਟਰਕਸ਼ਨ, ਟਰਾਂਸਪੋਰਟ, ਵੇਅਰਹਾਊਸ, ਥੋਕ ਅਤੇ ਰਿਟੇਲ ਵਪਾਰ, ਕੁਦਰਤੀ ਸਰੋਤ ਅਤੇ ਹੈਲਥ ਕੇਅਰ ਸੈਕਟਰ ਵਿਚ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਜਾਰੀ ਅੰਕੜਿਆਂ ਅਨੁਸਾਰ ਨਿਰਮਾਣ ਦੇ ਖੇਤਰ ’ਚ 34,000 ਨਵੀਆਂ ਨੌਕਰੀਆਂ ਜੁੜੀਆਂ, ਉੱਥੇ ਹੀ ਸਿੱਖਿਆ ਅਤੇ ਉਤਪਾਦਨ ਖੇਤਰ ’ਚ 30,000 ਨੌਕਰੀਆਂ ਦਾ ਨਿਘਾਰ ਹੋਇਆ। ਬੈਂਕ ਆਫ਼ ਮਾਂਟਰੀਆਲ ਦੇ ਅਰਥਸ਼ਾਸਤਰੀ ਡਗ ਪੋਰਟਰ ਨੇ ਕਿਹਾ ਕਿ ਪਿਛਲੇ ਇੱਕ ਸਾਲ ’ਚ ਕੈਨੇਡਾ ਆਉਣ ਵਾਲੇ 800,000 ਤੋਂ ਵੱਧ ਲੋਕ ਜੌਬ ਮਾਰਕੀਟ ਵਿਚ ਤੇਜ਼ੀ ਦਾ ਇਕਹਿਰਾ ਸਭ ਤੋਂ ਵੱਡਾ ਕਾਰਨ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਵਧਦੀ ਆਬਾਦੀ ਨਾਲ ਮੇਲ ਖਾਂਦੀਆਂ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਹੈ।
CANADA NEWS 40000 jobs created in Canada during August