Croatia - ਮਿਲਾਨੋਵਿਕ ਨੇ ਦੂਜੀ ਵਾਰ ਜਿੱਤੀ ਰਾਸ਼ਟਰਪਤੀ ਦੀ ਚੋਣ, ਪ੍ਰਿਮੋਰਾਕ ਨੂੰ ਵੱਡੇ ਫ਼ਰਕ ਨਾਲ ਹਰਾਇਆ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਕ੍ਰੋਏਸ਼ੀਆ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਰੋਧੀ ਸਮਰਥਕ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਕ ਨੇ ਐਤਵਾਰ (12 ਜਨਵਰੀ) ਨੂੰ ਹੋਰ 5 ਸਾਲ ਦੇ ਕਾਰਜਕਾਲ ਲਈ ਚੋਣ ਜਿੱਤ ਲਈ। ਉਨ੍ਹਾਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਡ੍ਰੈਗਨ ਪ੍ਰਿਮੋਰਾਕ ਨੂੰ ਰਨਆਫ ਵੋਟ ਵਿਚ ਹਰਾਇਆ। ਅਧਿਕਾਰਤ ਨਤੀਜਿਆਂ ਅਨੁਸਾਰ ਮਿਲਾਨੋਵਿਕ ਨੂੰ ਇਸ ਚੋਣ ਵਿਚ ਲਗਭਗ 74 ਫ਼ੀਸਦੀ ਵੋਟਾਂ ਮਿਲੀਆਂ, ਉਥੇ ਹੀ ਪ੍ਰਿਮੋਰਾਕ ਨੂੰ ਲਗਭਗ 26 ਫ਼ੀਸਦੀ ਵੋਟਾਂ ਮਿਲੀਆਂ।
ਜ਼ਿਕਰਯੋਗ ਹੈ ਕਿ ਮਿਲਾਨੋਵਿਕ ਨੇ 29 ਦਸੰਬਰ ਨੂੰ ਪਹਿਲੇ ਦੌਰ ਵਿਚ ਆਪਣੇ ਵਿਰੋਧੀ ਡ੍ਰੈਗਨ ਪ੍ਰਿਮੋਰਾਕ ਅਤੇ ਹੋਰ ਉਮੀਦਵਾਰਾਂ ਨੂੰ ਬਹੁਤ ਪਿੱਛੇ ਛੱਡਦੇ ਹੋਏ ਆਸਾਨੀ ਨਾਲ ਜਿੱਤ ਹਾਸਲ ਕੀਤੀ ਸੀ। ਹਾਲਾਂਕਿ, ਮਿਲਾਨੋਵਿਕ ਨੂੰ 50 ਫੀਸਦੀ ਵੋਟ ਪ੍ਰਾਪਤ ਕਰਨ ਤੋਂ ਸਿਰਫ 5,000 ਵੋਟਾਂ ਘੱਟ ਸਨ, ਇਸ ਲਈ ਦੁਬਾਰਾ ਵੋਟਿੰਗ ਕਰਵਾਉਣੀ ਪਈ ਸੀ।
ਕ੍ਰੋਏਸ਼ੀਆ ਦੇ ਸਭ ਤੋਂ ਹਰਮਨ-ਪਿਆਰੇ ਆਗੂ ਮਿਲਾਨੋਵਿਕ
ਇਹ ਜਿੱਤ ਮਿਲਾਨੋਵਿਕ ਲਈ ਇਕ ਵੱਡੀ ਸਫਲਤਾ ਹੈ, ਜੋ ਰੂਸ ਦੇ ਖਿਲਾਫ ਜੰਗ ਵਿਚ ਯੂਕਰੇਨ ਲਈ ਪੱਛਮੀ ਫੌਜੀ ਸਮਰਥਨ ਦੀ ਆਲੋਚਨਾ ਕਰਦਾ ਰਿਹਾ ਹੈ। ਮਿਲਾਨੋਵਿਕ ਨੂੰ ਕ੍ਰੋਏਸ਼ੀਆ ਦਾ ਸਭ ਤੋਂ ਹਰਮਨ-ਪਿਆਰਾ ਨੇਤਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਰਾਜਨੀਤਿਕ ਵਿਰੋਧੀਆਂ ਦੇ ਨਾਲ ਗੱਲਬਾਤ ਦੀ ਸ਼ੈਲੀ ਨੂੰ ਲੈ ਕੇ ਉਨ੍ਹਾਂ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੀਤੀ ਜਾਂਦੀ ਹੈ।
ਕ੍ਰੋਏਸ਼ੀਆ 'ਚ ਇਕੋ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ
ਕ੍ਰੋਏਸ਼ੀਆ ਦੀਆਂ ਚੋਣਾਂ ਅਜਿਹੇ ਸਮੇਂ 'ਚ ਹੋਈਆਂ ਜਦੋਂ ਕ੍ਰੋਏਸ਼ੀਆ ਮਹਿੰਗਾਈ, ਭ੍ਰਿਸ਼ਟਾਚਾਰ ਤੇ ਮਜ਼ਦੂਰਾਂ ਦੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਮਿਲਾਨੋਵਿਕ ਨੇ ਜਿੱਤ ਤੋਂ ਬਾਅਦ ਕਿਹਾ ਕਿ ਉਸ ਨੂੰ ਇਸ ਜਿੱਤ ਤੋਂ ਪੂਰੀਆਂ ਉਮੀਦਾਂ ਸਨ ਅਤੇ ਇਸ ਨੂੰ ਮਹੱਤਵਪੂਰਨ ਦੱਸਿਆ। ਮਿਲਾਨੋਵਿਕ ਨੇ ਯੂਰਪੀਅਨ ਯੂਨੀਅਨ ਦੀ ਵੀ ਆਲੋਚਨਾ ਕੀਤੀ, ਇਸ ਨੂੰ ਗੈਰ-ਜਮਹੂਰੀ ਦੱਸਿਆ ਅਤੇ ਕਿਹਾ ਕਿ ਜੋ ਲੋਕ ਯੂਰਪੀਅਨ ਯੂਨੀਅਨ ਦੇ ਵਿਚਾਰ ਸਾਂਝੇ ਨਹੀਂ ਕਰਦੇ ਹਨ, ਉਨ੍ਹਾਂ ਨੂੰ ਦੁਸ਼ਮਣ ਮੰਨਿਆ ਜਾਂਦਾ ਹੈ। ਉਸ ਨੇ ਇਸ ਨੂੰ ਮਾਨਸਿਕ ਹਿੰਸਾ ਦੇ ਬਰਾਬਰ ਦੱਸਿਆ ਅਤੇ ਕਿਹਾ ਕਿ ਇਹ ਆਧੁਨਿਕ ਯੂਰਪ ਨਹੀਂ ਸੀ ਜਿਸ ਵਿਚ ਉਹ ਰਹਿਣਾ ਅਤੇ ਕੰਮ ਕਰਨਾ ਚਾਹੁੰਦਾ ਸੀ।
Croatia Milanovic Wins Presidential Election For Second Time Defeats Primorac By A Large Margin