Ram Marg construction scam - ਰਾਮ ਮਾਰਗ ਨਿਰਮਾਣ ਘੁਟਾਲਾ- ਅਯੁੱਧਿਆ 'ਚ ਰਾਮ ਮਾਰਗ ਦੇ ਨਿਰਮਾਣ 'ਚ ਵੱਡੀ ਲਾਪਰਵਾਹੀ, ਪਹਿਲੀ ਬਰਸਾਤ 'ਚ ਹੀ ਸੜਕਾਂ ਦਾ ਹੋਇਆ ਬੁਰਾ ਹਾਲ, 6 ਅਧਿਕਾਰੀ ਮੁਅੱਤਲ, ਕੰਪਨੀ ਨੂੰ ਨੋਟਿਸ
Admin / National
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਸਰਕਾਰ ਨੇ ਅਯੁੱਧਿਆ ਵਿਚ 14 ਕਿਲੋਮੀਟਰ ਲੰਬੇ ਰਾਮ ਮਾਰਗ ਦੇ ਨਿਰਮਾਣ ਅਤੇ ਸੀਵਰ ਲਾਈਨ ਵਿਛਾਉਣ ਵਿਚ ਵਰਤੀ ਗਈ ਵੱਡੀ ਲਾਪਰਵਾਹੀ ਲਈ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਅਤੇ ਉੱਤਰ ਪ੍ਰਦੇਸ਼ ਜਲ ਨਿਗਮ ਦੇ ਛੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਬੀਤੇ ਸ਼ਨੀਵਾਰ ਅਤੇ ਮੰਗਲਵਾਰ ਦੀ ਰਾਤ ਨੂੰ ਪਏ ਮੀਂਹ ਕਾਰਨ ਇੱਥੋਂ ਦੇ ਰਾਮ ਮਾਰਗ ਦੇ ਨਾਲ ਲੱਗਦੀਆਂ ਕਰੀਬ 15 ਗਲੀਆਂ ਅਤੇ ਸੜਕਾਂ ਪਾਣੀ ਵਿਚ ਡੁੱਬ ਗਈਆਂ। ਰਾਮ ਮਾਰਗ ਦੇ ਨਾਲ ਲੱਗਦੇ ਘਰਾਂ ਵਿਚ ਨਾ ਸਿਰਫ਼ ਬਰਸਾਤ ਦਾ ਪਾਣੀ ਦਾਖ਼ਲ ਹੋ ਗਿਆ, ਬਲਕਿ ਨਵੇਂ ਬਣੇ ਰਾਮ ਮਾਰਗ ਵਿਚ ਦਰਜਨ ਤੋਂ ਵੱਧ ਥਾਵਾਂ ’ਤੇ ਧਸ ਗਿਆ।
ਸੂਬਾ ਸਰਕਾਰ ਨੇ ਇਸ ਮਾਮਲੇ 'ਚ ਅਹਿਮਦਾਬਾਦ ਸਥਿਤ ਕੰਪਨੀ ਭੁਵਨ ਇੰਫਰਾਕਾਮ ਪ੍ਰਾਈਵੇਟ ਲਿਮਟਿਡ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਵਿਸ਼ੇਸ਼ ਸਕੱਤਰ ਵਿਨੋਦ ਕੁਮਾਰ ਨੇ ਸ਼ੁੱਕਰਵਾਰ ਨੂੰ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਧਰੁਵ ਅਗਰਵਾਲ ਅਤੇ ਸਹਾਇਕ ਇੰਜੀਨੀਅਰ ਅਨੁਜ ਦੇਸ਼ਵਾਲ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਜੂਨੀਅਰ ਇੰਜਨੀਅਰ ਪ੍ਰਭਾਤ ਕੁਮਾਰ ਪਾਂਡੇ ਨੂੰ ਮੁਅੱਤਲ ਕਰਨ ਦੇ ਹੁਕਮ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜਨੀਅਰ (ਵਿਕਾਸ) ਵੀ ਕੇ ਸ੍ਰੀਵਾਸਤਵ ਨੇ ਜਾਰੀ ਕੀਤੇ।
ਉੱਤਰ ਪ੍ਰਦੇਸ਼ ਜਲ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਰਾਕੇਸ਼ ਕੁਮਾਰ ਮਿਸ਼ਰਾ ਨੇ ਅਯੁੱਧਿਆ 'ਚ ਤਾਇਨਾਤ ਕਾਰਜਕਾਰੀ ਇੰਜੀਨੀਅਰ ਆਨੰਦ ਕੁਮਾਰ ਦੂਬੇ, ਸਹਾਇਕ ਇੰਜੀਨੀਅਰ ਰਾਜੇਂਦਰ ਕੁਮਾਰ ਯਾਦਵ ਅਤੇ ਜੂਨੀਅਰ ਇੰਜੀਨੀਅਰ ਮੁਹੰਮਦ ਸ਼ਾਹਿਦ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੀਡਬਲਯੂਡੀ ਵੱਲੋਂ ਜਾਰੀ ਇੱਕ ਦਫ਼ਤਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਰਾਮ ਮਾਰਗ ਦੀ ਸਭ ਤੋਂ ਉਪਰਲੀ ਪਰਤ ਉਸਾਰੀ ਦੇ ਤੁਰੰਤ ਬਾਅਦ ਹੀ ਖਰਾਬ ਹੋ ਗਈ। ਇਸ ਨਾਲ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਵਜੋਂ ਕੀਤੇ ਜਾ ਰਹੇ ਕੰਮਾਂ ਵਿਚ ਢਿੱਲ ਮੱਠ ਹੋਈ ਹੈ ਅਤੇ ਆਮ ਲੋਕਾਂ ਵਿੱਚ ਸੂਬੇ ਦਾ ਅਕਸ ਖਰਾਬ ਹੋਇਆ ਹੈ।
Ram Marg Construction Scam Big Negligence In The Construction Of Ram Marg In Ayodhya Bad Condition Of Roads In The First Rain 6 Officials Suspended Notice To The Company