Himachal Weather - ਹਿਮਾਚਲ ਦੇ 5 ਜ਼ਿਲ੍ਹਿਆਂ 'ਚ ਹੜ੍ਹ ਦੀ ਚੇਤਾਵਨੀ, ਸ਼ਿਮਲਾ 'ਚ 60 ਸੜਕਾਂ ਬੰਦ
Admin / National
ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਵਿੱਚ ਅੱਜ ਭਾਰੀ ਮੀਂਹ ਦਾ ਆਰੇਂਜ ਅਲਰਟ ਹੈ। ਮੌਸਮ ਵਿਭਾਗ ਨੇ ਊਨਾ, ਹਮੀਰਪੁਰ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਆਈਐੱਮਡੀ ਨੇ ਇਕ ਤਾਜ਼ਾ ਬੁਲੇਟਿਨ ਜਾਰੀ ਕੀਤਾ ਹੈ ਅਤੇ ਸ਼ਿਮਲਾ, ਸਿਰਮੌਰ, ਮੰਡੀ ਅਤੇ ਕੁੱਲੂ ਵਿਚ ਹੜ੍ਹ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਸੂਬੇ ਵਿਚ ਮਾਨਸੂਨ ਸਰਗਰਮ ਰਹੇਗਾ। ਇਸ ਸਮੇਂ ਦੌਰਾਨ, ਭਾਰੀ ਮੀਂਹ ਕੁਝ ਖੇਤਰਾਂ ਵਿਚ ਤਬਾਹੀ ਮਚਾ ਸਕਦਾ ਹੈ। ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਸਥਿਤੀ ਵਿਗੜ ਸਕਦੀ ਹੈ। ਇਸ ਵਾਰ ਪਹਾੜਾਂ ਵਿੱਚ ਮਾਨਸੂਨ ਦੀ ਬਾਰਿਸ਼ ਆਮ ਨਾਲੋਂ ਘੱਟ ਹੈ। ਖਾਸ ਕਰਕੇ ਜੁਲਾਈ ਦੇ ਮਹੀਨੇ ਵਿੱਚ ਬਹੁਤ ਘੱਟ ਬਾਰਿਸ਼ ਹੁੰਦੀ ਹੈ।
ਪਰ ਅਗਸਤ ਦੇ ਮਹੀਨੇ ਮੌਨਸੂਨ ਦੀ ਬਾਰਿਸ਼ ਆਮ ਗੱਲ ਹੈ। ਪਰ ਪੂਰੇ ਮਾਨਸੂਨ ਸੀਜ਼ਨ ਵਿੱਚ ਯਾਨੀ 1 ਜੂਨ ਤੋਂ 9 ਅਗਸਤ ਤੱਕ ਆਮ ਨਾਲੋਂ 28 ਫੀਸਦੀ ਘੱਟ ਬਾਰਿਸ਼ ਹੋਈ ਹੈ। ਆਮ ਤੌਰ 'ਤੇ ਇਸ ਸਮੇਂ ਦੌਰਾਨ 445.7 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਇਸ ਵਾਰ 321.8 ਮਿਲੀਮੀਟਰ ਬਾਰਿਸ਼ ਹੋਈ ਹੈ।
ਸ਼ਿਮਲਾ ਨੂੰ ਛੱਡ ਕੇ ਕਿਸੇ ਵੀ ਜ਼ਿਲ੍ਹੇ ਵਿਚ ਆਮ ਨਾਲੋਂ ਵੱਧ ਮੀਂਹ ਨਹੀਂ ਪਿਆ। ਸ਼ਿਮਲਾ ਜ਼ਿਲ੍ਹੇ 'ਚ ਇਸ ਵਾਰ 403.9 ਮਿਲੀਮੀਟਰ ਬਾਰਿਸ਼ ਹੋਈ ਹੈ, ਜਦਕਿ ਆਮ ਵਰਖਾ 388.5 ਮਿਲੀਮੀਟਰ ਹੈ। ਸੂਬੇ ਵਿਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ 145 ਸੜਕਾਂ ਵਾਹਨਾਂ ਲਈ ਬੰਦ ਹਨ। ਇਨ੍ਹਾਂ ਵਿਚ ਸ਼ਿਮਲਾ ਜ਼ਿਲ੍ਹੇ ਵਿਚ ਸਭ ਤੋਂ ਵੱਧ 60 ਸੜਕਾਂ ਬੰਦ ਹਨ। ਮੰਡੀ ਜ਼ੋਨ ਵਿਚ 45, ਹਮੀਰਪੁਰ ਜ਼ੋਨ ਵਿਚ 30 ਅਤੇ ਕਾਂਗੜਾ ਜ਼ੋਨ ਵਿਚ 10 ਸੜਕਾਂ ਬੰਦ ਹਨ।
ਸੂਬੇ 'ਚ ਇਸ ਮਾਨਸੂਨ ਸੀਜ਼ਨ ਦੌਰਾਨ 101 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ, ਜਦਕਿ 209 ਘਰ ਅੰਸ਼ਿਕ ਤੌਰ 'ਤੇ ਨੁਕਸਾਨੇ ਗਏ ਹਨ। ਇਸ ਮੌਨਸੂਨ ਸੀਜ਼ਨ ਵਿਚ ਭਾਰੀ ਮੀਂਹ ਕਾਰਨ 810 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਿਆ ਹੈ।
Himachal Weather Flood Warning In 5 Districts Of Himachal 60 Roads Closed In Shimla