ਦਿਲਜੀਤ ਦੋਸਾਂਝ ਦੇ ਦਿੱਲੀ ਸ਼ੋਅ ਦੀ ਤਾਰੀਖ ਬਦਲੀ,
October 16, 2026 / entertainment
Live Punjabi TV /
ਚੰਡੀਗੜ੍ਹ
ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ
ਦਿਲਜੀਤ ਨੇ ਸੋਸ਼ਲ ਮੀਡੀਆ ਰਾਹੀਂ ਇਸ ਬਦਲਾਅ ਦੀ ਜਾਣਕਾਰੀ ਸਾਂਝੀ ਕੀਤੀ।
ਚੰਡੀਗੜ੍ਹ, ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ’ ਤਹਿਤ ਦਿੱਲੀ ਵਿੱਚ ਹੋਣ ਵਾਲੇ ਸੰਗੀਤ ਸਮਾਰੋਹ ਦੀ ਤਰੀਕ ਬਦਲ ਦਿੱਤੀ ਗਈ ਹੈ। ਪਹਿਲਾਂ ਇਹ ਸਮਾਰੋਹ 1 ਨਵੰਬਰ ਨੂੰ ਹੋਣਾ ਸੀ, ਪਰ ਹੁਣ ਇਹ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ। ਦਿਲਜੀਤ ਨੇ ਸੋਸ਼ਲ ਮੀਡੀਆ ਰਾਹੀਂ ਇਸ ਬਦਲਾਅ ਦੀ ਜਾਣਕਾਰੀ ਸਾਂਝੀ ਕੀਤੀ।
ਇਹ ਫ਼ੈਸਲਾ ਪੰਜਾਬੀ ਪ੍ਰਮੋਸ਼ਨ ਕੌਂਸਲ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਲਿਆ ਗਿਆ। ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਨੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਨੂੰ ਪੱਤਰ ਲਿਖ ਕੇ ਸਮਾਰੋਹ ਦੀ ਤਰੀਕ ਬਦਲਣ ਦੀ ਬੇਨਤੀ ਕੀਤੀ ਸੀ।
ਕੌਂਸਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ 1 ਨਵੰਬਰ ਦਾ ਦਿਨ ਸਿੱਖ ਭਾਈਚਾਰੇ ਲਈ ਦਰਦਨਾਕ ਇਤਿਹਾਸਕ ਯਾਦਾਂ ਨਾਲ ਜੁੜਿਆ ਹੋਇਆ ਹੈ। 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖ ਵਿਰੋਧੀ ਹਿੰਸਾ ਭੜਕ ਗਈ ਸੀ। ਇਸ ਹਿੰਸਾ ਦੀਆਂ ਯਾਦਾਂ ਅੱਜ ਵੀ ਪੀੜਤ ਪਰਿਵਾਰਾਂ ਅਤੇ ਭਾਈਚਾਰੇ ਲਈ ਬੇਹੱਦ ਸੰਵੇਦਨਸ਼ੀਲ ਹਨ।
ਕੌਂਸਲ ਨੇ ਦਿਲਜੀਤ ਦੋਸਾਂਝ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਈ ਹੈ। ਕੌਂਸਲ ਨੇ ਸਪੱਸ਼ਟ ਕੀਤਾ ਕਿ ਇਸ ਅਪੀਲ ਦਾ ਮਕਸਦ ਸੰਗੀਤ ਸਮਾਰੋਹ ਦਾ ਵਿਰੋਧ ਕਰਨਾ ਨਹੀਂ, ਸਗੋਂ ਪੀੜਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਸੀ।
Date Of Diljit Dosanjh s Delhi Show Changed