ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਵੀ ਪਿੱਲੈ ਨੂੰ ਨੋਬੇਲ ਸ਼ਾਂਤੀ ਪੁਰਸਕਾਰ
October 10, 2026 / international
Live Punjabi TV /
ਨਿਊਰਮਬਰਗ
ਰੋਹਿੰਗਿਆ ਅਤੇ ਗਾਜ਼ਾ ਮਾਮਲਿਆਂ ਵਿੱਚ ਨਿਭਾਈ ਅਹਿਮ ਭੂਮਿਕਾ
ਉਨ੍ਹਾਂ ਨੇ ਕਬਜ਼ੇ ਹੇਠਲੇ ਫ਼ਲਸਤੀਨੀ ਖੇਤਰ ਬਾਰੇ ਸੰਯੁਕਤ ਰਾਸ਼ਟਰ ਦੇ ਜਾਂਚ ਕਮਿਸ਼ਨ ਦੀ ਪ੍ਰਧਾਨਗੀ ਵੀ ਕੀਤੀ।
ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਸਾਬਕਾ ਹਾਈ ਕਮਿਸ਼ਨਰ ਅਤੇ ਕੌਮਾਂਤਰੀ ਅਦਾਲਤ (ਆਈਸੀਜੇ) ਦੀ ਮੌਜੂਦਾ ਜੱਜ ਨਵਨੀਤਮ (ਨਵੀ) ਪਿੱਲੈ ਨੂੰ ਸ਼ੁੱਕਰਵਾਰ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 85 ਸਾਲਾ ਪਿੱਲੈ ਦਾ ਜਨਮ ਦੱਖਣੀ ਅਫ਼ਰੀਕਾ ਵਿੱਚ ਹੋਇਆ ਸੀ। ਉਨ੍ਹਾਂ ਨੂੰ ਇਹ ਸਨਮਾਨ ਕੌਮਾਂਤਰੀ ਕਾਨੂਨ, ਨਿਆਏ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੇ ਲੰਮੇ ਯੋਗਦਾਨ ਵਾਸਤੇ ਦਿੱਤਾ ਗਿਆ।
ਨਾਰਵੇ ਦੀ ਨੋਬੇਲ ਕਮੇਟੀ ਦੇ ਚੇਅਰਮੈਨ ਜੋਰਗਨ ਵਾਟਨੇ ਫ੍ਰਾਈਡਨਜ਼ ਨੇ ਪਿੱਲੈ ਨੂੰ ਕੌਮਾਂਤਰੀ ਕਾਨੂਨੀ ਸਿਧਾਂਤਾਂ ਦੀ ਰਾਖੀ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚੋਂ ਇੱਕ ਦੱਸਿਆ। ਕਮੇਟੀ ਅਨੁਸਾਰ, ਨੈਲਸਨ ਮੰਡੇਲਾ ਅਤੇ ਰੰਗਭੇਦ ਵਿਰੁੱਧ ਸੰਘਰਸ਼ ਕਰਨ ਵਾਲੇ ਲੋਕਾਂ ਦੀ ਵਕਾਲਤ ਕਰਨ ਤੋਂ ਲੈ ਕੇ ਅਹਿਮ ਕੌਮਾਂਤਰੀ ਮਾਮਲਿਆਂ ਵਿੱਚ ਜੱਜ ਵਜੋਂ ਸੇਵਾਵਾਂ ਨਿਭਾਉਨ ਤੱਕ, ਪਿੱਲੈ ਦਾ ਜੀਵਨ ਨਿਆਏ ਪ੍ਰਤੀ ਸਮਰਪਿਤ ਰਿਹਾ ਹੈ।
ਪੁਰਸਕਾਰ ਦੀ ਖ਼ਬਰ ਮਿਲਣ ਸਮੇਂ ਪਿੱਲੈ ਜਰਮਨੀ ਦੇ ਨਿਊਰਮਬਰਗ ਸ਼ਹਿਰ ਵਿੱਚ ਇੱਕ ਕੌਮਾਂਤਰੀ ਕਾਨੂਨੀ ਮੰਚ ਦੇ ਸਮਾਗਮ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉੱਥੇ ਮਿਲੀਆਂ ਤਾੜੀਆਂ ਉਨ੍ਹਾਂ ਲਈ ਬਹੁਤ ਮਾਇਨੇ ਰੱਖਦੀਆਂ ਹਨ। ਇਹ ਉਹੀ ਸ਼ਹਿਰ ਹੈ, ਜਿੱਥੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਨਾਜ਼ੀ ਜੰਗੀ ਅਪਰਾਧੀਆਂ ਦੇ ਮੁਕੱਦਮੇ ਚਲਾਏ ਗਏ ਸਨ।
ਪਿੱਲੈ ਕੌਮਾਂਤਰੀ ਅਦਾਲਤ ਵਿੱਚ ਮਿਆਂਮਾਰ ਦੇ ਰੋਹਿੰਗਿਆ ਮੁਸਲਿਮ ਘੱਟਗਿਣਤੀ ਭਾਈਚਾਰੇ ਨਾਲ ਹੋਏ ਕਥਿਤ ਅੱਤਿਆਚਾਰਾਂ ਅਤੇ ਨਸਲਕੁਸ਼ੀ ਦੇ ਦੋਸ਼ਾਂ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਵਿੱਚ ਵੀ ਸ਼ਾਮਲ ਹਨ। ਉਨ੍ਹਾਂ ਨੇ ਇਸ ਮਾਮਲੇ ਨੂੰ ਅੰਤਿਮ ਨਤੀਜੇ ਤੱਕ ਪਹੁੰਚਦਾ ਵੇਖਨ ਦੀ ਇੱਛਾ ਜਾਹਿਰ ਕੀਤੀ।
ਇਸ ਤੋਂ ਇਲਾਵਾ, ਉਨ੍ਹਾਂ ਨੇ ਕਬਜ਼ੇ ਹੇਠਲੇ ਫ਼ਲਸਤੀਨੀ ਖੇਤਰ ਬਾਰੇ ਸੰਯੁਕਤ ਰਾਸ਼ਟਰ ਦੇ ਜਾਂਚ ਕਮਿਸ਼ਨ ਦੀ ਪ੍ਰਧਾਨਗੀ ਵੀ ਕੀਤੀ। ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਗਾਜ਼ਾ ਵਿੱਚ ਇਜ਼ਰਾਈਲੀ ਫ਼ੌਜੀ ਕਾਰਵਾਈ ਨੂੰ ਨਸਲਕੁਸ਼ੀ ਕਰਾਰ ਦਿੱਤਾ ਸੀ, ਜਿਸਨੂੰ ਇਜ਼ਰਾਈਲ ਨੇ ਰੱਦ ਕੀਤਾ ਸੀ।
ਪਿੱਲੈ ਨੇ ਕਿਹਾ ਕਿ ਕਾਨੂਨੀ ਫ਼ੈਸਲੇ ਲੈਂਦੇ ਸਮੇਂ ਸਾਰੇ ਤੱਥਾਂ ਦੀ ਜਾਂਚ ਅਤੇ ਕਾਨੂਨ ਦੀ ਨਿਰਪੱਖ ਵਿਆਖਿਆ ਕਰਨੀ ਜ਼ਰੂਰੀ ਹੈ। ਉਨ੍ਹਾਂ ਦਾ ਸਨਮਾਨ ਮਨੁੱਖੀ ਅਧਿਕਾਰਾਂ ਅਤੇ ਕੌਮਾਂਤਰੀ ਨਿਆਏ ਦੇ ਖੇਤਰ ਵਿੱਚ ਉਨ੍ਹਾਂ ਦੇ ਲੰਮੇ ਯੋਗਦਾਨ ਨੂੰ ਦਰਸਾਉਂਦਾ ਹੈ।
Nobel Peace Prize For Navi Pillay For The Protection Of Human Rights