ਇਟਲੀ 'ਚ ਦਸਤਾਰ ਤੇ ਦੁਮਾਲਾ ਮੁਕਾਬਲੇ ਕਰਵਾਏ, ਜੇਤੂਆਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਕੀਤਾ ਸਨਮਾਨਿਤ
Admin / International
ਮਿਲਾਨ ਇਟਲੀ, (ਸਾਬੀ ਚੀਨੀਆ ) : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਦੇ ਜ਼ਿਲ੍ਹਾ ਬਰੇਸ਼ੀਆਂ ਵਿਖੇ “ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ਵਿਖੇ ਵਿਦੇਸ਼ਾਂ 'ਚ ਜੰਮੇ ਦੂਜੀ ਪੀੜ੍ਹੀ ਦੇ ਬੱਚਿਆਂ ਨੂੰ ਦਸਤਾਰ ਨਾਲ ਜੋੜਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਦੇ ਸਹਿਯੋਗ ਨਾਲ ਵਿਸ਼ੇਸ਼ ਤੌਰ ' ਦਸਤਾਰ ਦੁਮਾਲਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਹਿੱਸਾ ਲਿਆ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਇਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਿੱਚ ਮਦਦ ਮਿਲ ਸਕੇ। ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਕਮੇਟੀ ਦੇ ਨੌਜਵਾਨਾਂ ਵੱਲੋਂ ਜਿੱਥੇ ਹਰ ਸਾਲ ਇਟਲੀ ਵਿੱਚ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਵਿੱਚ ਦਸਤਾਰਾਂ ਬੰਨਣ ਦੇ ਵਿਸ਼ੇਸ਼ ਲੰਗਰ ਲਾਏ ਜਾਂਦੇ ਹਨ, ਉਥੇ ਹੀ ਇਥੋਂ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਦਸਤਾਰ ਅਤੇ ਦੁਮਾਲਾ ਸਜਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹਨਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਵਿੱਚ ਉਤਸ਼ਾਹ ਬਣਿਆ ਰਹੇ ਇੰਨਾਂ ਮੁਕਾਬਲਿਆਂ 'ਚ ਜੇਤੂ ਰਹੇ ਬੱਚਿਆਂ ਦੇ ਚਿਹਰਿਆਂ ਤੇ ਜਿੱਤ ਦਾ ਨੂਰ ਸਾਫ ਝਲਕ ਰਿਹਾ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆ ਸੰਗਤਾਂ ਤੇ ਮੁਕਾਬਲਿਆ ਵਿੱਚ ਭਾਗ ਲੈਣ ਵਾਲੇ ਬੱਚਿਆ ਦੇ ਮਾਪਿਆ ਦਾ ਧੰਨਵਾਦ ਵੀ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਕੀਤੀ ਗਈ ।
Turban And Dumala Competition Was Held In Italy