ਦੁਬਈ 'ਚ ਤੂਫਾਨ ਤੇ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ, ਏਅਰਪੋਰਟ ਤੱਕ ਦੀਆਂ ਸੜਕਾਂ ਡੁੱਬੀਆਂ
Admin / International
ਵਿਦੇਸ਼ ਡੈਸਕ : ਸੋਮਵਾਰ ਦੇਰ ਰਾਤ ਤੋਂ ਮੰਗਲਵਾਰ ਸਵੇਰ ਤੱਕ ਯੂਏਈ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ ਜਾਰੀ ਰਹੀ, ਜਿਸ ਤੋਂ ਬਾਅਦ ਸਥਿਤੀ ਗੰਭੀਰ ਨਜ਼ਰ ਆਈ। ਰਾਜਧਾਨੀ ਦੁਬਈ 'ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਦੁਬਈ ਦੀਆਂ ਗਲੀਆਂ, ਘਰਾਂ ਅਤੇ ਮਾਲਾਂ ਵਿਚ ਪਾਣੀ ਭਰ ਗਿਆ। ਅਧਿਕਾਰੀਆਂ ਨੇ ਭਾਰੀ ਮੀਂਹ ਦੇ ਵਿਚਕਾਰ ਚੇਤਾਵਨੀ ਜਾਰੀ ਕੀਤੀ ਹੈ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੇਸ਼ ਦੇ ਕਈ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ 'ਸੁਚੇਤ' ਰਹਿਣ ਦੀ ਅਪੀਲ ਕੀਤੀ ਹੈ। ਬੁੱਧਵਾਰ ਸ਼ਾਮ 6 ਵਜੇ ਤੱਕ ਅਲਰਟ ਜਾਰੀ ਕੀਤਾ ਗਿਆ ਹੈ।
ਦੁਬਈ ਤੋਂ ਇਲਾਵਾ ਓਮਾਨ ਵਿੱਚ ਵੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਕਾਰਨ ਇੱਥੇ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਭਾਰੀ ਮੀਂਹ ਤੋਂ ਬਾਅਦ ਆਬੂ ਧਾਬੀ ਅਤੇ ਅਲ ਆਇਨ ਵਰਗੇ ਸ਼ਹਿਰਾਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਈ ਮੁੱਖ ਮਾਰਗਾਂ ਅਤੇ ਹਵਾਈ ਅੱਡਿਆਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਭਾਰੀ ਮੀਂਹ ਕਾਰਨ ਕਈ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ।
ਖਲੀਜ਼ ਟਾਈਮਜ਼ ਮੁਤਾਬਕ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਬੁੱਧਵਾਰ ਤੱਕ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਸਮੇਤ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਹਿਮਦ ਹਬੀਬ, ਜੋ ਕਿ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਵਿੱਚ ਕੰਮ ਕਰਦੇ ਹਨ, ਨੇ ਕਿਹਾ, "ਦੁਬਈ, ਅਬੂ ਧਾਬੀ, ਸ਼ਾਰਜਾਹ ਅਤੇ ਅਮੀਰਾਤ ਵਿੱਚ ਹੋਰ ਥਾਵਾਂ 'ਤੇ ਨਾ ਸਿਰਫ਼ ਭਾਰੀ ਮੀਂਹ, ਸਗੋਂ ਗੜੇ ਪੈਣ ਦੀ ਸੰਭਾਵਨਾ ਹੈ।" ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹੜ੍ਹ ਸੰਭਾਵਿਤ ਖੇਤਰਾਂ ਤੋਂ ਦੂਰ ਸੁਰੱਖਿਅਤ ਅਤੇ ਉੱਚੀਆਂ ਥਾਵਾਂ 'ਤੇ ਆਪਣੇ ਵਾਹਨ ਪਾਰਕ ਕਰਨ। ਮੀਂਹ ਕਾਰਨ ਲੋਕਾਂ ਨੂੰ ਮਸਜਿਦਾਂ ਦੀ ਬਜਾਏ ਘਰਾਂ ਵਿੱਚ ਨਮਾਜ਼ ਅਦਾ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ।
ਭਾਰੀ ਮੀਂਹ ਅਤੇ ਤੂਫਾਨ ਕਾਰਨ ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਪਾਣੀ ਭਰਿਆ ਨਜ਼ਰ ਆਇਆ। 50 ਤੋਂ ਵੱਧ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਦੁਬਈ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਇਹ ਸਮੱਸਿਆ ਗੰਭੀਰ ਤੂਫਾਨ ਕਾਰਨ ਹੋਈ ਸੀ ਪਰ ਹੁਣ ਰਿਕਵਰੀ ਮੋਡ ਵਿੱਚ ਹੈ। ਮੀਂਹ ਕਾਰਨ ਦੁਬਈ ਮੈਟਰੋ ਦੀ ਰੈੱਡ ਲਾਈਨ ਸੇਵਾਵਾਂ ਵਿੱਚ ਵਿਘਨ ਪਿਆ ਹੈ। ਕਈ ਮੈਟਰੋ ਸਟੇਸ਼ਨਾਂ 'ਤੇ ਪਾਣੀ ਭਰ ਗਿਆ। ਦੁਬਈ ਤੋਂ ਆਬੂ ਧਾਬੀ, ਸ਼ਾਰਜਾਹ ਅਤੇ ਅਜਮਾਨ ਲਈ ਬੱਸ ਸੇਵਾਵਾਂ ਵੀ ਰੋਕ ਦਿੱਤੀਆਂ ਗਈਆਂ ਹਨ। ਹਾਲਾਤ ਇਹ ਬਣ ਗਏ ਕਿ ਵੱਡੇ-ਵੱਡੇ ਸ਼ਾਪਿੰਗ ਸੈਂਟਰ, ਦੁਬਈ ਮਾਲ ਅਤੇ ਅਮੀਰਾਤ ਦੇ ਮਾਲ ਵਿਚ ਵੀ ਪਾਣੀ ਭਰ ਗਿਆ।
ਤੁਹਾਨੂੰ ਦੱਸ ਦੇਈਏ ਕਿ ਯੂਏਈ ਇੱਕ ਰੇਗਿਸਤਾਨੀ ਦੇਸ਼ ਹੈ ਜਿੱਥੇ ਬਾਰਿਸ਼ ਇੱਕ ਅਸਾਧਾਰਨ ਘਟਨਾ ਹੈ। ਇਸ ਦੌਰਾਨ ਭਾਰੀ ਮੀਂਹ ਕਾਰਨ ਯੂਏਈ ਭਰ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਗੜੇਮਾਰੀ ਦੇ ਨਾਲ-ਨਾਲ ਤੂਫਾਨ ਦੀ ਵੀ ਸੰਭਾਵਨਾ ਹੈ। ਸੰਯੁਕਤ ਅਰਬ ਅਮੀਰਾਤ ਦੇ ਕੁਝ ਖੇਤਰਾਂ ਵਿੱਚ 24 ਘੰਟਿਆਂ ਦੀ ਮਿਆਦ ਵਿੱਚ 80 ਮਿਲੀਮੀਟਰ (3.2 ਇੰਚ) ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਸਾਲਾਨਾ ਔਸਤ ਤੋਂ ਵੱਧ ਹੈ।
Floodlike Situation After Storm And Heavy Rain In Dubai