Texas- ਅਮਰੀਕਾ 'ਚ ਰਾਹੁਲ ਗਾਂਧੀ ਬੋਲੇ - ਭਾਰਤੀ ਰਾਜਨੀਤੀ 'ਚ ਪਿਆਰ, ਸਤਿਕਾਰ ਤੇ ਨਿਮਰਤਾ ਦੀ ਘਾਟ, ਭਾਜਪਾ 'ਤੇ ਸਾਧਿਆ ਨਿਸ਼ਾਨਾ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟੈਕਸਾਸ ਵਿਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤੀ ਰਾਜਨੀਤੀ ਵਿਚ ਪਿਆਰ, ਸਨਮਾਨ ਅਤੇ ਨਿਮਰਤਾ ਦੀ ਘਾਟ ਹੈ ਅਤੇ ਨਾਲ ਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੀ ਇਹ ਮੰਨਣ ਲਈ ਆਲੋਚਨਾ ਕੀਤੀ ਕਿ ਭਾਰਤ ਇਕ ਵਿਚਾਰ ਹੈ।
ਰਾਹੁਲ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਆਪਣੀ ਪਹਿਲੀ ਗੱਲਬਾਤ ਦੌਰਾਨ ਐਤਵਾਰ ਨੂੰ ਡਲਾਸ ਵਿੱਚ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਆਰਐਸਐਸ ਦਾ ਮੰਨਣਾ ਹੈ ਕਿ ਭਾਰਤ ਇੱਕ ਵਿਚਾਰ ਹੈ। ਸਾਡਾ ਮੰਨਣਾ ਹੈ ਕਿ ਭਾਰਤ ਵਿਚਾਰਾਂ ਦੀ ਵਿਭਿੰਨਤਾ ਵਾਲਾ ਦੇਸ਼ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਵਾਂਗ ਸਾਡਾ ਵੀ ਮੰਨਣਾ ਹੈ ਕਿ ਸਾਰਿਆਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਸਾਡਾ ਮੰਨਣਾ ਹੈ ਕਿ ਹਰ ਕਿਸੇ ਨੂੰ ਸੁਪਨੇ ਦੇਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਹਰ ਕਿਸੇ ਨੂੰ ਜਾਤ, ਭਾਸ਼ਾ, ਧਰਮ, ਪਰੰਪਰਾ, ਇਤਿਹਾਸ ਦੀ ਪਰਵਾਹ ਕੀਤੇ ਬਿਨਾਂ ਮੌਕਾ ਮਿਲਣਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਇਹੀ ਲੜਾਈ ਹੈ। ਚੋਣਾਂ ਵਿਚ ਇਹ ਲੜਾਈ ਉਸ ਸਮੇਂ ਸਿਖਰ 'ਤੇ ਪਹੁੰਚ ਗਈ ਜਦੋਂ ਭਾਰਤ ਦੇ ਕਰੋੜਾਂ ਲੋਕਾਂ ਨੇ ਸਪੱਸ਼ਟ ਤੌਰ 'ਤੇ ਸਮਝ ਲਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੇ ਸੰਵਿਧਾਨ 'ਤੇ ਹਮਲਾ ਕਰ ਰਹੇ ਹਨ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ (ਭਾਰਤ) ਰਾਜਾਂ ਦਾ ਸੰਘ ਹੈ, ਇੱਥੇ ਭਾਸ਼ਾਵਾਂ ਦਾ ਸਤਿਕਾਰ ਹੈ, ਧਰਮਾਂ ਦਾ ਸਤਿਕਾਰ ਹੈ, ਪਰੰਪਰਾਵਾਂ ਦਾ ਸਤਿਕਾਰ ਹੈ, ਜਾਤਾਂ ਦਾ ਸਤਿਕਾਰ ਹੈ। ਇਹ ਸਭ ਸੰਵਿਧਾਨ ਵਿੱਚ ਹੈ।
ਕਾਂਗਰਸੀ ਆਗੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਭਾਰਤੀ ਰਾਜਨੀਤੀ ਵਿੱਚ ਪਿਆਰ, ਸਤਿਕਾਰ ਅਤੇ ਨਿਮਰਤਾ ਦੀਆਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੀ ਸਿਆਸੀ ਪ੍ਰਣਾਲੀ ਅਤੇ ਪਾਰਟੀਆਂ ਵਿਚ ਪਿਆਰ, ਸਤਿਕਾਰ ਅਤੇ ਨਿਮਰਤਾ ਦੀ ਕਮੀ ਹੈ। ਸਾਰੇ ਮਨੁੱਖਾਂ ਨਾਲ ਪਿਆਰ, ਜ਼ਰੂਰੀ ਨਹੀਂ ਕਿ ਸਿਰਫ ਇਕ ਧਰਮ, ਇਕ ਭਾਈਚਾਰੇ, ਇਕ ਜਾਤੀ, ਇਕ ਸੂਬੇ ਜਾਂ ਇਕ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਹੀ ਪ੍ਰੇਮ ਹੋਵੇ।
ਰਾਹੁਲ ਨੇ ਕਿਹਾ, ਹਰ ਵਿਅਕਤੀ ਦਾ ਸਨਮਾਨ ਹੋਣਾ ਚਾਹੀਦਾ ਹੈ
ਰਾਹੁਲ ਨੇ ਕਿਹਾ ਕਿ ਭਾਰਤ ਦੇ ਨਿਰਮਾਣ ਦੀ ਕੋਸ਼ਿਸ਼ ਕਰਨ ਵਾਲੇ ਹਰ ਵਿਅਕਤੀ ਦਾ ਸਨਮਾਨ ਹੋਣਾ ਚਾਹੀਦਾ ਹੈ, ਸਭ ਤੋਂ ਤਾਕਤਵਰ ਦਾ ਹੀ ਨਹੀਂ ਸਗੋਂ ਸਭ ਤੋਂ ਕਮਜ਼ੋਰ ਦਾ ਵੀ ਸਨਮਾਨ ਹੋਣਾ ਚਾਹੀਦਾ ਹੈ ਅਤੇ ਨਿਮਰਤਾ ਸਿਰਫ਼ ਦੂਜਿਆਂ ਵਿੱਚ ਨਹੀਂ ਸਗੋਂ ਆਪਣੇ ਆਪ ਵਿੱਚ ਵੀ ਹੋਣੀ ਚਾਹੀਦੀ ਹੈ।
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਦੀ ਲੋੜ ਹੈ ਅਤੇ ਇਸੇ ਤਰ੍ਹਾਂ ਭਾਰਤ ਨੂੰ ਵੀ ਅਮਰੀਕਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਵਾਸੀ ਭਾਈਚਾਰਾ ਦੋਵਾਂ ਦੇਸ਼ਾਂ ਵਿਚਾਲੇ ‘ਪੁਲ’ ਹੈ।
Texas Rahul Gandhi America Lack Of Love Respect And Humility In Indian Politics