ਰੈਸਟੋਰੈਂਟ ‘ਚ ਖਾਣਾ ਖਾਣ ਨਾਲ 30 ਲੋਕ ਹੋਏ ਬਿਮਾਰ, 5 ਦੀ ਹਾਲਤ ਗੰਭੀਰ
Italy
ਇਟਲੀ ਦੇ ਸ਼ਹਿਰ ਨੀਕੋਤੇਰਾ (ਵੀਬੋ ਵਲੈਂਸੀਆ) ਦੇ ਇੱਕ ਰੈਸਟੋਰੈਂਟ ਦਾ ਖਾਣਾ ਖਾਣ ਨਾਲ 30 ਲੋਕਾਂ ਦੇ ਬਿਮਾਰ ਹੋ ਜਾਣ ਦੀ ਖਬਰ ਹੈ ਇਸ ਖਬਰ ਤੋ ਕਲਾਬਰੀਆ ਪੂਰੇ ਸੂਬੇ 'ਚ ਹਲ-ਚਲ ਮਚਾ ਗਈ ਹੈ।
ਇਟਲੀ ਮੀਡੀਆ ਰਿਪੋਰਟਾਂ ਮੁਤਾਬਿਕ ਬੀਤੇ ਦਿਨ ਸ਼ਹਿਰ ਨੀਕੋਤੇਰਾ ਮਰੀਨਾ ਦੇ ਇੱਕ ਮਸ਼ਹੂਰ ਰੈਸਟੋਰੈਟ ਵਿੱਚ ਸੈਂਕੜੇ ਲੋਕਾਂ ਨੇ ਵੀਕ ਐਂਡ ਮੌਸਮ ਦਾ ਆਨੰਦ ਲੈਂਦਿਆਂ ਖਾਣਾ ਖਾਧਾ ਪਰ ਇਸ ਰੈਸਟੋਰੈਂਟ ਤੋਂ ਖਾਣਾ ਖਾਣ ਵਾਲੇ 30 ਲੋਕ ਬਿਮਾਰ ਹੋ ਗਏ ਜਿਹੜੇ ਇਸ ਵਕਤ ਜ਼ੇਰੇ ਇਲਾਜ ਹਨ। 5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਉਲਟੀਆ, ਦਸਤ ਤੇ ਘਬਰਾਹਟ ਆਦਿ ਪ੍ਰੇਸ਼ਾਨੀਆਂ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਦੀ ਗਲਤੀ ਸਿਰਫ਼ ਇਹ ਸੀ ਕਿ ਉਨ੍ਹਾਂ ਰੈਸਟੋਰੈਂਟ ਦਾ ਖਾਣਾ ਰੱਜਕੇ ਖਾਧਾ। ਇਸ ਸਾਰੇ ਮਾਮਲੇ ਦੀ ਇਟਲੀ ਪੁਲਸ ਦੇ ਸੰਬੰਧਿਤ ਵਿੰਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੈਸਟੋਰੈਂਟ ਦੀ ਰਸੋਈ ਦਾ ਨਿਰੀਖਣ ਕੀਤਾ ਗਿਆ ਹੈ ਤੇ ਭੋਜਨ ਦੇ ਨਮੂਨੇ ਲਏ ਗਏ ਹਨ ਅਤੇ ਸਟੋਰ ਕੀਤੇ ਭੋਜਨ ਨੂੰ ਨਸ਼ਟ ਕਰਨ ਦੇ ਆਦੇਸ ਦਿੱਤੇ ਹਨ ਤਾਂ ਜੋ ਹੋਰ ਲੋਕਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।
ਇਸ ਘਟਨਾ ਸਬੰਧੀ ਸ਼ਹਿਰ ਦੇ ਮੇਅਰ ਜੋਸੇਪੇ ਮਰਾਸਕੋ ਨੇ ਟਿਪਣੀ ਕਰਦਿਆਂ ਕਿਹਾ ਕਿ ਸਾਡੇ ਇਲਾਕੇ ਦੇ ਸਾਰੇ ਰੈਸਟੋਰੈਂਟ ਖਾਣੇ ਦੀ ਗੁਣਵੰਤਾ, ਸਫਾਈ ਤੇ ਖਾਣੇ ਦੇ ਸਮਾਨ ਨੂੰ ਲੈਕੇ ਪਹਿਲੇ ਦਰਜੇ ਦੇ ਪ੍ਰਬੰਧਕ ਹਨ, ਇਨ੍ਹਾਂ ਦੀ ਸੁੱਧਤਾ ਨਾਲ ਹੀ ਇਲਾਕਾ ਮਸ਼ਹੂਰ ਹੈ । ਬਾਕੀ ਪੁਲਸ ਜਾਂਚ ਕਰ ਰਹੀ ਹੈ। ਉਮੀਦ ਹੈ ਸਭ ਚੰਗਾ ਹੀ ਹੋਵੇਗਾ।
ਸਿਹਤ ਵਿਭਾਗ ਇਸ ਘਟਨਾ ਦਾ ਮੁੱਖ ਕਾਰਨ ਬੋਟੂਲਿਜ਼ਮ ਬੈਕਟਰੀਆਂ ਨੂੰ ਮੰਨ ਰਿਹਾ ਹੈ ਜਿਸ ਨੇ ਕਿ ਇਟਲੀ ਭਰ 'ਚ 4 ਲੋਕਾਂ ਦੀ ਜਾਨ ਲੈ ਲਈ ਹੈ। ਇਹ ਬੈਕਟਰੀਆਂ ਖਾਣੇ ਰਾਹੀਂ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਘਰੋਂ ਬਾਹਰ ਦਾ ਖਾਣਾ ਲੈਣ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।
Food Problems