July 29, 2026
ਵਾਰਿਸ ਪੰਜਾਬ ਦੇ ਦਾ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ, ਅੰਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ
ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਪ੍ਰਦਰਸ਼ਨ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਮਰਥਕ ਬੱਸਾਂ ਤੇ ਨਿੱਜੀ ਵਾਹਨਾਂ ਰਾਹੀਂ ਇਸ ਕੂਚ ‘ਚ ਸ਼ਾਮਲ ਹੋਣਗੇ। ਪ੍ਰਦਰਸ਼ਨ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।
ਸ਼ਹਿਰ ਦੇ ਕਈ ਇਲਾਕਿਆਂ ‘ਚ ਬੈਰੀਕੇਡ ਲਗਾਏ ਗਏ ਹਨ ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪ੍ਰਦਰਸ਼ਨ ‘ਚ ਸ਼ਾਮਲ ਹੋਣ ਵਾਲੇ ਲੋਕ ਸਵੇਰੇ10 ਵਜੇ ਮੋਹਾਲੀ ਸਥਿਤ ਅੰਬ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਣਗੇ। ਇਸ ਤੋਂ ਬਾਅਦ ਰੈਲੀ ਬੱਸਾਂ ਤੇ ਹੋਰ ਵਾਹਨਾਂ ਦੇ ਕਾਫਲੇ ਨਾਲ ਬੁੜੈਲ ਜੇਲ੍ਹ ਦੇ ਪਿੱਛੇ ਵਾਲੇ ਰਸਤੇ ਰਾਹੀਂ ਚੰਡੀਗੜ੍ਹ ‘ਚ ਦਾਖਲ ਹੋਵੇਗੀ।
ਇਹ ਰੈਲੀ ਸੈਕਟਰ-45 ਸਥਿਤ ਗਊਸ਼ਾਲਾ ਚੌਕ ਤੱਕ ਪਹੁੰਚੇਗੀ ਤੇ ਉੱਥੋਂ ਬੁੜੈਲ ਦੇ ਪਿੱਛੇ ਵਾਲੇ ਰਸਤੇ ਰਾਹੀਂ ਵਾਪਸ ਮੋਹਾਲੀ ਵੱਲ ਜਾਵੇਗੀ। ਪੁਲਿਸ ਨੇ ਗਊਸ਼ਾਲਾ ਚੌਕ ਦੇ ਦੋਵੇਂ ਪਾਸਿਆਂ ‘ਤੇ ਬੈਰੀਕੇਡ ਲਗਾ ਕੇ ਸੁਰੱਖਿਆ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਕੂਚ ‘ਚ ਦਾਖਾ ਵਿਧਾਨ ਸਭਾ ਹਲਕੇ ਤੇ ਹੋਰ ਇਲਾਕਿਆਂ ਤੋਂ ਸੈਂਕੜੇ ਵਾਹਨ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪ੍ਰਦਰਸ਼ਨ ਦੇ ਆਯੋਜਕਾਂ ਨੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਣ ਦੀ ਅਪੀਲ ਕੀਤੀ ਹੈ।
ਚੰਡੀਗੜ੍ਹ ਟ੍ਰੈਫਿਕ ਪੁਲਿਸAdvisory ਕੀਤੀ ਜਾਰੀ
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪ੍ਰਦਰਸ਼ਨ ਨੂੰ ਲੈ ਕੇ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਮੁਤਾਬਕ ਅੱਜ ਸਵੇਰੇ9:30 ਵਜੇ ਤੋਂ ਕਈ ਮੁੱਖ ਮਾਰਗਾਂ ‘ਤੇ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਪੁਲਿਸ ਨੇ ਲੋਕਾਂ ਨੂੰ ਪ੍ਰਭਾਵਿਤ ਰਸਤਿਆਂ ਤੋਂ ਬਚਣ ਅਤੇ ਬਦਲਵੇਂ ਰਸਤੇ ਵਰਤਣ ਦੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਅੰਤਰਰਾਜੀ ਬੱਸਾਂ ਨੂੰ ਵੀ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ,ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਨੇ ਵਾਹਨ ਚਾਲਕਾਂ ਨੂੰ ਪ੍ਰਦਰਸ਼ਨ ਵਾਲੇ ਇਲਾਕਿਆਂ ‘ਚ ਬਿਨਾਂ ਲੋੜ ਆਵਾਜਾਈ ਤੋਂ ਬਚਣ ਤੇ ਟ੍ਰੈਫਿਕ ਵਿਵਸਥਾ ਬਣਾਈ ਰੱਖਣ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
Waris punjab de protest chandigarh