ਭਾਰਤ ਕੱਲ੍ਹ ਦੀਆਂ ਤਕਨਾਲੋਜੀਆਂ ਘੜਨ ਵਿੱਚ ਦੁਨੀਆ ਦੀ ਅਗਵਾਈ ਕਰਨੀ ਹੋਵੇਗੀ: ਪ੍ਰਧਾਨ ਮੰਤਰੀ ਮੋਦੀ
/ national
Live Punjabi TV /
New Delhi
ਦੇਸ਼ ਫਾਸਟ ਬ੍ਰੀਡਰ ਰਿਐਕਟਰ ਤਕਨਾਲੋਜੀ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ
ਮੋਦੀ ਨੇ ਪ੍ਰਦਰਸ਼ਨੀ ਦੇ ਵੱਖ-ਵੱਖ ਹਿੱਸੇ ਦੇਖੇ ਅਤੇ ਲੋਕਾਂ ਨਾਲ ਗੱਲਬਾਤ ਕੀਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੂੰ ਨਵੀਨਤਾ ਕਰਨੀ ਹੋਵੇਗੀ ਅਤੇ ਕੱਲ੍ਹ ਦੀਆਂ ਤਕਨਾਲੋਜੀਆਂ ਘੜਨ ਵਿੱਚ ਦੁਨੀਆ ਦੀ ਅਗਵਾਈ ਕਰਨੀ ਹੋਵੇਗੀ। ਨਵੀਂ ਦਿੱਲੀ ਵਿੱਚ ਉਭਰਦੇ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਨੂੰ ਅਪਣਾਉਣਾ, ਹਿੰਮਤ ਨਾਲ ਨਵੀਨਤਾ ਕਰਨੀ ਅਤੇ ਉਨ੍ਹਾਂ ਨੂੰ ਬਣਾਉਣ ਵਿੱਚ ਦੁਨੀਆ ਦੀ ਅਗਵਾਈ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਵਿਗਿਆਨਕ ਖੋਜ, ਖੋਜਾਂ ਅਤੇ ਨਵੀਨਤਾ ਦੀ ਭਾਵਨਾ ਦੀ ਮਜ਼ਬੂਤ ਨੀਂਹ ’ਤੇ ਬਣੇਗਾ।
ਮੋਦੀ ਨੇ ਕਿਹਾ ਕਿ ਦੇਸ਼ ਫਾਸਟ ਬ੍ਰੀਡਰ ਰਿਐਕਟਰ ਤਕਨਾਲੋਜੀ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੁਝ ਮਹੀਨੇ ਪਹਿਲਾਂ 500 ਮੈਗਾਵਾਟ ਦੇ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਨੇ ਪਹਿਲੀ ਕ੍ਰਿਟੀਕੈਲਿਟੀ ਹਾਸਲ ਕੀਤੀ ਸੀ।
ਉਨ੍ਹਾਂ ਕਿਹਾ ਕਿ ਵਿਗਿਆਨ ਦੀ ਅਸਲ ਸਫਲਤਾ ਉਦੋਂ ਹੈ ਜਦੋਂ ਉਹ ਲੈਬ ਤੋਂ ਬਾਹਰ ਨਿਕਲ ਕੇ ਆਮ ਨਾਗਰਿਕਾਂ ਦੀ ਜ਼ਿੰਦਗੀ ਬਿਹਤਰ ਬਣਾਵੇ, ਵੱਡੀਆਂ ਸਮੱਸਿਆਵਾਂ ਹੱਲ ਕਰੇ ਅਤੇ ਸਿਹਤ, ਖੇਤੀਬਾੜੀ, ਸਿੱਖਿਆ, ਰੁਜ਼ਗਾਰ ਤੇ ਆਫ਼ਤ ਸਹਿਣਸ਼ੀਲਤਾ ਨੂੰ ਮਜ਼ਬੂਤ ਕਰੇ। ਪਿਛਲੇ ਇੱਕ ਸਾਲ ਵਿੱਚ ਸਰਕਾਰ ਨੇ ਮਾਰਕਿਟ-ਤਿਆਰ ਲੈਬ ਤਕਨਾਲੋਜੀਆਂ ਲਈ 12 ਹਜ਼ਾਰ ਕਰੋੜ ਰੁਪਏ ਦਿੱਤੇ, ਜਿੰਨੀ ਹੀ ਰਕਮ ਨਿੱਜੀ ਨਿਵੇਸ਼ਕਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੇਟੈਂਟ ਅਰਜ਼ੀਆਂ ਦਸ ਸਾਲ ਪਹਿਲਾਂ 50,000 ਤੋਂ ਘੱਟ ਸਨ, ਜੋ ਪਿਛਲੇ ਸਾਲ ਵਧ ਕੇ ਲਗਭਗ 1.5 ਲੱਖ ਹੋ ਗਈਆਂ। ਇਹ ਸਿਰਫ਼ ਅੰਕੜੇ ਨਹੀਂ, ਡੂੰਘੀ ਢਾਂਚਾਗਤ ਤਬਦੀਲੀ ਦਾ ਸੰਕੇਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਟੀਚਾ ਆਤਮਨਿਰਭਰਤਾ ਹਾਸਲ ਕਰਨਾ ਅਤੇ ਮਹੱਤਵਪੂਰਨ ਤਕਨਾਲੋਜੀਆਂ ਵਿੱਚ ਮਜ਼ਬੂਤੀ ਬਣਾਉਣਾ ਹੈ। 21ਵੀਂ ਸਦੀ ਦਾ ਭਾਰਤ ਨਵੀਂ ਸੋਚ ਤੇ ਨਵੇਂ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਚਾ ਭਾਰਤ ਲਈ, ਦੁਨੀਆ ਲਈ, ਅੱਜ ਲਈ ਅਤੇ ਆਉਣ ਵਾਲੇ ਦਿਨਾਂ ਲਈ ਨਵੀਂ ਤਕਨਾਲੋਜੀ ਬਣਾਉਣਾ ਹੈ।
ਇਸ ਦੌਰਾਨ ਕੇਂਦਰੀ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਵਿਗਿਆਨ, ਨਵੀਨਤਾ ਤੇ ਤਕਨੀਕੀ ਸਮਰੱਥਾ ਵਿੱਚ ਆਪਣੀ ਥਾਂ ਬਣਾਈ ਹੈ ਅਤੇ ਦੁਨੀਆ ਉਸ ਨੂੰ ਸਤਿਕਾਰ ਤੇ ਪ੍ਰਸ਼ੰਸਾ ਨਾਲ ਦੇਖ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਜ਼ਾਰਾਂ ਮਾਹਿਰ ਤੇ ਪ੍ਰਤੀਨਿਧ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਮੋਦੀ ਨੇ ਪ੍ਰਦਰਸ਼ਨੀ ਦੇ ਵੱਖ-ਵੱਖ ਹਿੱਸੇ ਦੇਖੇ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨੀ ਵਿੱਚ ਲਗਭਗ 150 ਡੀਪ-ਟੈਕ ਸਟਾਰਟਅੱਪ ਸਟਾਲ ਹਨ, ਜੋ ਤਕਨੀਕੀ ਤਰੱਕੀ ਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਸੰਭਾਵੀ ਵਰਤੋਂ ਦਰਸਾਉਂਦੇ ਹਨ।
ਤਿੰਨ ਦਿਨਾਂ ਸੰਮੇਲਨ ਵਿੱਚ ਵਿਗਿਆਨੀ, ਖੋਜਕਰਤਾ, ਅਕਾਦਮਿਕ, ਨੀਤੀ ਨਿਰਮਾਤਾ, ਉਦਯੋਗ ਆਗੂ, ਸਟਾਰਟਅੱਪ ਤੇ ਅੰਤਰਰਾਸ਼ਟਰੀ ਮਾਹਿਰ ਉਭਰਦੀਆਂ ਤਕਨਾਲੋਜੀਆਂ ਅਤੇ ਭਾਰਤ ਦੀਆਂ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਤਰਜੀਹਾਂ ’ਤੇ ਵਿਚਾਰ ਕਰਨਗੇ। ਵਿਚਾਰ 12 ਥੀਮੈਟਿਕ ਖੇਤਰਾਂ—ਏਆਈ, ਬਾਇਓਟੈਕਨਾਲੋਜੀ, ਐਡਵਾਂਸਡ ਮੈਟੀਰੀਅਲ, ਮੈਨੂਫੈਕਚਰਿੰਗ, ਸਿਹਤ, ਊਰਜਾ, ਜਲਵਾਯੂ ਤੇ ਸਮੁੰਦਰੀ ਵਿਗਿਆਨ—ਵਿੱਚ ਹੋਣਗੇ। ਚਰਚਾ ਖੋਜ ਤਰਜੀਹਾਂ, ਰਾਸ਼ਟਰੀ ਸਮਰੱਥਾ ਅਤੇ ਵਿਗਿਆਨਕ ਤਰੱਕੀ ਨੂੰ ਵਿਹਾਰਕ ਉਪਯੋਗਾਂ ਵਿੱਚ ਬਦਲਣ ’ਤੇ ਕੇਂਦਰਿਤ ਹੋਵੇਗੀ।
India Must Lead The World In Shaping The Technologies Of Tomorrow Prime Minister Modi