ਹੇਮਕੁੰਟ ਸਾਹਿਬ ਤੱਕ ਰਸਤੇ ਤੋਂ ਬਰਫ਼ ਹਟਾਈ, ਅਰਦਾਸ ਕਰ ਕੇ ਮੁੱਖ ਗੇਟ ਖੋਲ੍ਹਿਆ, 25 ਮਈ ਤੋਂ ਸ਼ੁਰੂ ਹੋਵੇਗੀ ਯਾਤਰਾ
Admin / National
ਸਟੇਟ ਡੈਸਕ : ਉੱਤਰਾਖੰਡ ਵਿਖੇ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਵਾਸਤੇ ਫੌਜ ਦੇ ਜਵਾਨਾਂ ਵੱਲੋਂ ਰਸਤੇ ਤਿਆਰ ਕੀਤੇ ਜਾ ਰਹੇ ਹਨ।ਇਸ ਸੇਵਾ ਤਹਿਤ ਅੱਜ ਅਰਦਾਸ ਮਗਰੋਂ ਗੁਰਦੁਆਰਾ ਸਾਹਿਬ ਦੇ ਕਿਵਾੜ ਖੋਲ੍ਹੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਨੇੜੇ 12 ਤੋਂ 15 ਫੁੱਟ ਬਰਫ ਜਮੀ ਹੋਈ ਹੈ। ਸਰੋਵਰ ਵੀ ਜੰਮਿਆ ਹੋਇਆ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਦਲ ਅੱਜ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜ ਗਿਆ।ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਗੇਟ ਅੱਗਿਓਂ ਬਰਫ ਨੂੰ ਹਟਾਉਣ ਤੋਂ ਬਾਅਦ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਦੇ ਕਿਵਾੜ ਖੋਲ੍ਹੇ ਹਨ। 25 ਮਈ ਨੂੰ ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਖੋਲ੍ਹੇ ਜਾਣਗੇ ਅਤੇ ਇਸ ਨਾਲ ਯਾਤਰਾ ਸ਼ੁਰੂ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਫੌਜ ਦੇ ਜਵਾਨਾਂ ਨੇ ਭਰੋਸਾ ਦਿੱਤਾ ਹੈ ਕਿ 20 ਮਈ ਤੱਕ ਰਸਤਾ ਤਿਆਰ ਕਰਨ ਦਾ ਕੰਮ ਨੇਪਰੇ ਚਾੜ੍ਹ ਦਿੱਤਾ ਜਾਵੇਗਾ।
ਬਰਫ ਹਟਾਉਣ ਅਤੇ ਰਸਤੇ ਤਿਆਰ ਕਰਨ ਦੀ ਸੇਵਾ ਵਿੱਚ ਫੌਜ ਦੇ 35 ਜਵਾਨ ਅਤੇ ਗੁਰਦੁਆਰਾ ਸਾਹਿਬ ਦੇ 15 ਸੇਵਾਦਾਰ ਲੱਗੇ ਹੋਏ ਹਨ।ਸਾਰਿਆਂ ਨੇ ਇਹ ਸੇਵਾ 22 ਅਪਰੈਲ ਨੂੰ ਸ਼ੁਰੂ ਕੀਤੀ ਸੀ।ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ 22 ਮਈ ਨੂੰ ਗੁਰਦੁਆਰਾ ਰਿਸ਼ੀਕੇਸ਼ ਤੋਂ ਸਿੱਖ ਸੰਗਤ ਦਾ ਪਹਿਲਾ ਜੱਥਾ ਗੁਰਦੁਆਰਾ ਹੇਮਕੁੰਟ ਦੀ ਸਾਲਾਨਾ ਯਾਤਰਾ ਲਈ ਰਵਾਨਾ ਹੋਵੇਗਾ ਅਤੇ 25 ਮਈ ਨੂੰ ਗੁਰਦੁਆਰਾ ਸਾਹਿਬ ਦੇ ਕਪਾਟ ਸੰਗਤ ਵਾਸਤੇ ਖੋਲ੍ਹੇ ਜਾਣਗੇ।
Snow Removed From The Road To Hemkunt Sahib