ਸੰਸਦ 'ਚ ਕੇਂਦਰੀ ਮੰਤਰੀ ਬਿੱਟੂ ਤੇ ਕਾਂਗਰਸੀ ਸੰਸਦ ਮੈਂਬਰ ਚੰਨੀ ਵਿਚਾਲੇ ਗਰਮਾ-ਗਰਮ ਬਹਿਸ, ਕਾਰਵਾਈ 35 ਮਿੰਟ ਤੱਕ ਕੀਤੀ ਮੁਲਤਵੀ
Admin / National
ਨੈਸ਼ਨਲ ਡੈਸਕ : ਲੋਕ ਸਭਾ ਵਿਚ ਵੀਰਵਾਰ ਨੂੰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਿਚਾਲੇ ਗਰਮਾ-ਗਰਮ ਬਹਿਸ ਹੋਈ ਅਤੇ ਹੰਗਾਮਾ ਵਧਣ ਕਾਰਨ ਸਦਨ ਦੀ ਕਾਰਵਾਈ ਕਰੀਬ 35 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਅੱਜ ਸਦਨ ਵਿਚ ਕੇਂਦਰੀ ਬਜਟ 2024-25 'ਤੇ ਚਰਚਾ ਦੌਰਾਨ ਬੋਲ ਰਹੇ ਸੀ। ਉਨ੍ਹਾਂ ਸਰਕਾਰ 'ਤੇ ਦੇਸ਼ ਦੇ ਹਵਾਈ ਅੱਡਿਆਂ ਸਮੇਤ ਸਭ ਕੁਝ ਵੇਚਣ ਦਾ ਦੋਸ਼ ਲਾਇਆ। ਚੰਨੀ ਨੇ ਕਿਹਾ ਕਿ ਤੁਸੀਂ (ਸਰਕਾਰ) ਦੇਸ਼ ਦੀਆਂ ਜਾਇਦਾਦਾਂ ਦੇ ਰਖਵਾਲੇ ਹੋ, ਮਾਲਕ ਨਹੀਂ। ਇਨ੍ਹਾਂ ਨੂੰ ਵੇਚਣ ਅਤੇ ਦੇਸ਼ ਨੂੰ ਬਰਬਾਦ ਕਰਨ ਦੀ ਗਲਤੀ ਨਾ ਕਰੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਈਸਟ ਇੰਡੀਆ ਕੰਪਨੀ ਨਾਲ ਤੁਲਨਾ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਉਨ੍ਹਾਂ (ਸੱਤਾਧਾਰੀ ਪਾਰਟੀ) ਅਤੇ ਅੰਗਰੇਜ਼ਾਂ ਵਿੱਚ ਕੋਈ ਫਰਕ ਨਹੀਂ ਹੈ, ਸਿਰਫ ਰੰਗ ਦਾ ਫਰਕ ਹੈ। ਪਹਿਲਾਂ ਉਹ ਸੱਤਾ ਵਿਚ ਆਏ ਅਤੇ ਫਿਰ ਸੱਤਾ ਦੇ ਜ਼ਰੀਏ ਉਹ ਆਪਣੇ ਲੋਕਾਂ ਨੂੰ ਦੇਸ਼ ਦੇ ਉਦਯੋਗਾਂ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਦੇ ਰਹੇ ਹਨ।
ਰੇਲ ਰਾਜ ਮੰਤਰੀ ਅਤੇ ਸਾਬਕਾ ਕਾਂਗਰਸੀ ਮੈਂਬਰ ਬਿੱਟੂ ਨੇ ਇਸ ਸਬੰਧੀ ਕੁਝ ਟਿੱਪਣੀਆਂ ਕੀਤੀਆਂ। ਜਵਾਬ ਵਿੱਚ ਚੰਨੀ ਨੇ ਉਸ ਦਾ ਨਾਂ ਲੈਂਦਿਆਂ ਕਿਹਾ ਕਿ ਤੇਰਾ ਪਿਤਾ ਸ਼ਹੀਦ ਹੋ ਗਿਆ ਸੀ। ਪਰ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੀ ਮੌਤ ਉਸੇ ਦਿਨ ਹੋਈ ਸੀ ਜਿਸ ਦਿਨ ਤੁਸੀਂ ਕਾਂਗਰਸ ਛੱਡੀ ਸੀ। ਇਸ ’ਤੇ ਪ੍ਰਧਾਨਗੀ ਚੇਅਰਮੈਨ ਸੰਧਿਆ ਰਾਏ ਨੇ ਕਾਂਗਰਸੀ ਮੈਂਬਰ ਨੂੰ ਨਿੱਜੀ ਟਿੱਪਣੀਆਂ ਨਾ ਕਰਨ ਲਈ ਕਿਹਾ। ਬਿੱਟੂ ਨੇ ਕਿਹਾ ਕਿ ਉਸਨੇ (ਚੰਨੀ) ਨੇ ਮੇਰਾ ਨਾਂ ਲਿਆ। ਮੇਰੇ ਦਾਦਾ ਸਰਦਾਰ ਬੇਅੰਤ ਸਿੰਘ ਨੇ ਦੇਸ਼ ਲਈ ਕੁਰਬਾਨੀ ਦਿੱਤੀ, ਕਾਂਗਰਸ ਲਈ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਚੰਨੀ ਆਪਣੇ ਭਾਸ਼ਣ ਵਿੱਚ ਗਰੀਬੀ ਦੀ ਗੱਲ ਕਰ ਰਹੇ ਹਨ, ਪਰ ਜੇਕਰ ਉਹ ਪੂਰੇ ਪੰਜਾਬ ਵਿਚ ਸਭ ਤੋਂ ਅਮੀਰ ਅਤੇ ਭ੍ਰਿਸ਼ਟ ਆਦਮੀ ਨਹੀਂ ਹਨ, ਤਾਂ ਮੈਂ ਆਪਣਾ ਨਾਮ ਬਦਲ ਲਵਾਂਗਾ। ਬਿੱਟੂ ਨੇ ਦੋਸ਼ ਲਾਇਆ ਕਿ ਚੰਨੀ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਅਤੇ ਉਸ 'ਤੇ 'ਮੀ ਟੂ' ਸਮੇਤ ਕਈ ਦੋਸ਼ ਹਨ। ਇਸ ਨੂੰ ਲੈ ਕੇ ਦੋਵਾਂ ਧਿਰਾਂ ਦੇ ਮੈਂਬਰਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ। ਹੰਗਾਮੇ ਕਾਰਨ ਪ੍ਰਧਾਨਗੀ ਮੰਡਲ ਨੇ ਦੁਪਹਿਰ 1:25 ਵਜੇ ਦੇ ਕਰੀਬ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਲਾਨ ਕੀਤਾ ਸੀ ਕਿ ਅੱਜ ਸਦਨ ਵਿੱਚ ਦੁਪਹਿਰ ਦੇ ਖਾਣੇ ਦੀ ਛੁੱਟੀ ਨਹੀਂ ਹੋਵੇਗੀ।
Heated Debate Between Bittu And Channi In The Parliament