Floods in Bihar - ਬਿਹਾਰ 'ਚ ਹੜ੍ਹ ਕਾਰਨ ਸੜਕਾਂ ਨੇ ਧਾਰਿਆ ਨਦੀਆਂ ਦਾ ਰੂਪ, 30 ਤੋਂ ਵੱਧ ਪਿੰਡ ਹੋਏ ਪ੍ਭਾਵਿਤ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਬਿਹਾਰ ਦੀ ਨਦੀ ਕੋਸੀ 'ਚ ਕਰੀਬ ਸਾਢੇ ਛੇ ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਆਏ ਤੇਜ਼ ਵਹਾਅ ਨੇ ਅੱਜ ਦਰਭੰਗਾ ਜ਼ਿਲੇ ਦੇ ਕੀਰਤਪੁਰ ਬਲਾਕ 'ਚ ਆਪਣਾ ਭਿਆਨਕ ਰੂਪ ਧਾਰ ਲਿਆ ਅਤੇ ਭਭੌਲ ਨੇੜੇ ਪੱਛਮੀ ਬੰਨ੍ਹ ਦੇ ਟੁੱਟਣ ਕਾਰਨ 30 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਇੰਜੀਨੀਅਰਾਂ ਅਤੇ ਜ਼ਿਲਾ ਪ੍ਰਸ਼ਾਸਨ ਦੀ ਸਖਤ ਮਿਹਨਤ ਦੇ ਬਾਵਜੂਦ ਕੀਰਤਪੁਰ ਬਲਾਕ ਦੇ ਪਿੰਡ ਭਭੌਲ ਨੇੜੇ ਕਰੀਬ ਇਕ ਕਿਲੋਮੀਟਰ ਲੰਬਾ ਕੋਸੀ ਨਦੀ ਦਾ ਪੱਛਮੀ ਬੰਨ੍ਹ ਟੁੱਟ ਗਿਆ। ਬੰਨ੍ਹ ਟੁੱਟਣ ਕਾਰਨ ਹੜ੍ਹ ਦਾ ਪਾਣੀ ਕੀਰਤਪੁਰ, ਘਨੱਸ਼ਿਆਮਪੁਰ ਅਤੇ ਗੌਰਾ ਬੈਰਾਮ ਬਲਾਕਾਂ ਵਿੱਚ ਦਾਖ਼ਲ ਹੋ ਗਿਆ।
ਬੰਨ੍ਹ ਟੁੱਟਣ ਨਾਲ 30 ਪਿੰਡ ਪ੍ਰਭਾਵਿਤ
ਸੂਤਰਾਂ ਨੇ ਦੱਸਿਆ ਕਿ ਕੀਰਤਪੁਰ ਬਲਾਕ ਦੀਆਂ ਅੱਠ ਪੰਚਾਇਤਾਂ ਕੀਰਤਪੁਰ, ਝਗਡੂਆ, ਜਗਸੋ, ਖੈਨਸਾ, ਤਡਵਾੜਾ, ਕੁਬੌਲ ਢਾਂਗਾ, ਜਮਾਲਪੁਰ ਅਤੇ ਰਸਿਆੜੀ ਦੇ ਕਰੀਬ 30 ਪਿੰਡ ਬੰਨ੍ਹ ਟੁੱਟਣ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਗੌਰਾ ਬੌਰਮ ਬਲਾਕ ਦੀਆਂ ਪੰਜ ਪੰਚਾਇਤਾਂ ਵਿਚ ਵੀ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ ਹੈ। ਇਸ ਭਿਆਨਕ ਹੜ੍ਹ ਨਾਲ ਕਰੀਬ ਇੱਕ ਲੱਖ ਦੀ ਆਬਾਦੀ ਪ੍ਰਭਾਵਿਤ ਹੋਈ ਹੈ। ਇਨ੍ਹਾਂ ਬਲਾਕਾਂ ਵਿਚ ਹੜ੍ਹ ਦਾ ਪਾਣੀ ਤੇਜ਼ੀ ਨਾਲ ਫੈਲ ਰਿਹਾ ਹੈ। ਵੱਡੇ ਪਾੜ ਕਾਰਨ ਕਈ ਸੜਕਾਂ ਅਤੇ ਪੁਲਾਂ ਦੇ ਨੁਕਸਾਨੇ ਜਾਣ ਕਾਰਨ ਇਨ੍ਹਾਂ ਬਲਾਕਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਹੈ।
ਕੋਸੀ ਨਦੀ ਦੇ ਕੰਢੇ ਵਸੇ ਪਿੰਡ ਦੇ ਲੋਕ ਸਹਿਮੇ
ਕੀਰਤਪੁਰ ਬਲਾਕ ਖੇਤਰ ਦੇ ਜਮਾਲਪੁਰ ਥਾਣੇ ਤੋਂ ਇਕ ਕਿਲੋਮੀਟਰ ਦੂਰ ਨਰਕਟੀਆ ਅਤੇ ਕੀਰਤਪੁਰ ਚੌਕ ਨੇੜੇ ਐਤਵਾਰ ਸ਼ਾਮ ਤੱਕ ਕੋਸੀ ਨਦੀ ਦਾ ਪਾਣੀ ਓਵਰਫਲੋਅ ਹੋ ਕੇ ਬੰਨ੍ਹ ਦੇ ਉਪਰ ਵਹਿਣ ਲੱਗਾ ਸੀ। ਇਸ ਕਾਰਨ ਕਮਲਾ ਅਤੇ ਕੋਸੀ ਨਦੀ ਦੇ ਕੰਢੇ ਦੇ ਵਿਚਕਾਰ ਸਥਿਤ ਪਿੰਡ ਦੇ ਲੋਕ ਸਹਿਮੇ ਹੋਏ ਹਨ ਅਤੇ ਆਪਣਾ ਸਾਰਾ ਸਮਾਨ ਲੈ ਕੇ ਬੰਨ੍ਹ ਅਤੇ ਹੜ੍ਹਾਂ ਵਾਲੀ ਜਗ੍ਹਾ ਤੋਂ ਦੂਰ ਨਿਕਲ ਰਹੇ ਹਨ। ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।
ਜਲ ਸਰੋਤ ਵਿਭਾਗ ਦੇ ਇੰਜੀਨੀਅਰ ਨੂੰ ਤਾੜਨਾ
ਜ਼ਿਲ੍ਹਾ ਮੈਜਿਸਟਰੇਟ ਰਾਜੀਵ ਰੋਸ਼ਨ ਨੇ ਖੁਦ ਕਮਾਨ ਸੰਭਾਲੀ ਅਤੇ ਆਪਣੀ ਗੱਡੀ ਵਿਚ ਮਿੱਟੀ ਦੀਆਂ ਭਾਰੀ ਬੋਰੀਆਂ ਨੂੰ ਓਵਰਫਲੋ ਵਾਲੀ ਥਾਂ 'ਤੇ ਪਹੁੰਚਾਇਆ। ਇੰਨਾ ਹੀ ਨਹੀਂ ਉਹ ਖੁਦ ਵੀ ਬੋਰੀ ਚੁੱਕਦੇ ਨਜ਼ਰ ਆਏ। ਜ਼ਿਲ੍ਹਾ ਮੈਜਿਸਟਰੇਟ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ ਕਈ ਸਥਾਨਕ ਲੋਕਾਂ ਨੇ ਬੋਰੀ ਚੁੱਕਣ ਵਿੱਚ ਮਦਦ ਕੀਤੀ। ਇਸ ਦੇ ਨਾਲ ਹੀ ਜਲ ਸਰੋਤ ਵਿਭਾਗ ਦੇ ਇੰਜਨੀਅਰ ਵੱਲੋਂ ਵੀ ਵਿਆਪਕ ਤਿਆਰੀ ਨਹੀਂ ਕੀਤੀ ਗਈ, ਜਿਸ ਲਈ ਜਲ ਸਰੋਤ ਵਿਭਾਗ ਦੇ ਇੰਜਨੀਅਰ ਨੂੰ ਤਾੜਨਾ ਕੀਤੀ ਗਈ।
Due To Floods In Bihar Roads Turned Into Rivers More Than 30 Villages Were Affected