UP - ਸੰਭਲ 'ਚ 46 ਸਾਲ ਬਾਅਦ ਖੁੱਲ੍ਹਿਆ ਪ੍ਰਾਚੀਨ ਸ਼ਿਵ ਮੰਦਰ; 1978 ਦੇ ਦੰਗਿਆਂ ਤੋਂ ਬਾਅਦ ਹਿੰਦੂਆਂ ਨੇ ਛੱਡ ਦਿੱਤਾ ਸੀ ਇਲਾਕਾ, ਪੜ੍ਹੋ ਪੂਰੀ ਖਬਰ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਭਲ ਦੇ ਸ਼ਾਹੀ ਜਾਮਾ ਮਸਜਿਦ ਖੇਤਰ ਵਿਚ ਸ਼ਨੀਵਾਰ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਕਾਬੰਦੀ ਕੀਤੀ ਤੇ ਬਿਜਲੀ ਚੋਰੀ ਦੇ ਖਿਲਾਫ ਵੱਡੇ ਪੱਧਰ 'ਤੇ ਮੁਹਿੰਮ ਚਲਾਈ। ਇਸ ਦੌਰਾਨ 46 ਸਾਲਾਂ ਤੋਂ ਬੰਦ ਪਏ ਭਗਵਾਨ ਸ਼ਿਵ ਦੇ ਮੰਦਰ ਨੂੰ ਖੋਲ੍ਹਿਆ ਗਿਆ। ਇਹ ਮੰਦਰ ਮਹਿਮੂਦ ਖਾ ਸਰਾਏ ਇਲਾਕੇ ਵਿਚ ਇਕ ਬੰਦ ਘਰ ਵਿਚ ਮਿਲਿਆ, ਜੋ 1978 ਦੇ ਦੰਗਿਆਂ ਦੌਰਾਨ ਇਕ ਹਿੰਦੂ ਪਰਿਵਾਰ ਦਾ ਸੀ।
ਬਾਅਦ ਵਿਚ ਮਕਾਨ ਵੇਚ ਦਿੱਤਾ ਗਿਆ ਅਤੇ ਉਦੋਂ ਤੋਂ ਇਹ ਮੰਦਰ ਬੰਦ ਪਿਆ ਸੀ। ਜ਼ਿਲ੍ਹਾ ਮੈਜਿਸਟਰੇਟ (ਡੀਐੱਮ) ਰਾਜੇਂਦਰ ਪੈਂਸੀਆ ਅਤੇ ਪੁਲਿਸ ਸੁਪਰਡੈਂਟ (ਐੱਸਪੀ) ਕ੍ਰਿਸ਼ਨ ਕੁਮਾਰ ਬਿਸ਼ਨੋਈ ਦੀ ਨਿਗਰਾਨੀ ਵਿਚ ਮੰਦਰ ਦੀ ਸਫ਼ਾਈ ਕਰਵਾਈ ਗਈ ਅਤੇ ਖੂਹ ਦੀ ਖੁਦਾਈ ਸ਼ੁਰੂ ਕਰਵਾਈ ਗਈ ਹੈ। ਡੀਐੱਮ ਪੈਂਸੀਆ ਨੇ ਕਿਹਾ ਕਿ ਮਕਾਨ ਦੀ ਮਾਲਕੀ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਸ਼ਾਹੀ ਜਾਮਾ ਮਸਜਿਦ ਇਲਾਕੇ ਵਿਚ ਕਬਜ਼ੇ ਹਟਾਉਣ ਅਤੇ ਬਿਜਲੀ ਚੋਰੀ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦੀ ਟੀਮ ਨੇ ਇਲਾਕੇ ਦੀਆਂ ਸੜਕਾਂ ਅਤੇ ਨਾਲੀਆਂ ਤੋਂ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਹਨ। ਬਿਜਲੀ ਚੋਰੀ ਵਿਰੁੱਧ ਚਲਾਈ ਇਸ ਮੁਹਿੰਮ ਤਹਿਤ 300 ਤੋਂ ਵੱਧ ਘਰਾਂ ਵਿਚ ਬਿਜਲੀ ਚੋਰੀ ਫੜੀ ਗਈ। ਇਨ੍ਹਾਂ ਵਿਚ ਕਈ ਮਸਜਿਦਾਂ ਵੀ ਸ਼ਾਮਲ ਹਨ।
ਟੀਮ ਨੇ ਪਾਇਆ ਕਿ ਇਕ ਮਸਜਿਦ ਵਿਚ 59 ਪੱਖੇ, ਇਕ ਫਰਿੱਜ, ਵਾਸ਼ਿੰਗ ਮਸ਼ੀਨ ਅਤੇ 25-30 ਲਾਈਟ ਪੁਆਇੰਟਾਂ ਨੂੰ ਬਿਜਲੀ ਚੋਰੀ ਕਰਕੇ ਚਲਾਇਆ ਜਾ ਰਿਹਾ ਸੀ। ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਵੀਨ ਗੌਤਮ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਬਿਜਲੀ ਵਿਭਾਗ ਦੀਆਂ ਟੀਮਾਂ ਦੀ ਸੁਰੱਖਿਆ ਲਈ ਇਲਾਕੇ ਵਿਚ ਪੁਲਿਸ ਬਲ ਦੀਆਂ ਦੋ ਪਲਾਟੂਨ ਤਾਇਨਾਤ ਕਰ ਦਿੱਤੀਆਂ ਹਨ। ਪ੍ਰਸ਼ਾਸਨ ਦੀ ਇਸ ਸਖ਼ਤ ਕਾਰਵਾਈ ਨੇ ਇਲਾਕੇ ਵਿਚ ਹਲਚਲ ਮਚਾ ਦਿੱਤੀ ਹੈ।
ਮਸਜਿਦਾਂ 'ਚ ਵੀ ਬਿਨਾਂ ਕੁਨੈਕਸ਼ਨ ਦੇ ਚੱਲਦੀ ਮਿਲੀ ਬਿਜਲੀ
ਨਖਾਸਾ ਥਾਣਾ ਖੇਤਰ ਵਿਚ ਡੀਐਮ ਡਾ: ਰਾਜਿੰਦਰ ਪੈਂਸੀਆ ਅਤੇ ਐੱਸਪੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਦੀ ਅਗਵਾਈ ਵਿਚ ਬਿਜਲੀ ਵਿਭਾਗ ਦੀ ਟੀਮ ਨੇ ਰਾਏਸਤੀ, ਨਖਾਸਾ, ਹਿੰਦੂਪੁਰਾ ਖੇੜਾ ਅਤੇ ਦੀਪਾ ਸਰਾਏ ਵਿਚ ਚੈਕਿੰਗ ਮੁਹਿੰਮ ਚਲਾਈ। ਕਈ ਘਰਾਂ ਵਿਚ ਬਿਜਲੀ ਚੋਰੀ ਹੋਣ ਦਾ ਪਤਾ ਲੱਗਾ ਹੈ। ਇਸ ਵਿਚ ਕਈ ਮਸਜਿਦਾਂ ਵੀ ਸ਼ਾਮਲ ਹਨ। ਬਿਜਲੀ ਚੋਰੀ ਦੀ ਰਿਪੋਰਟ ਹਰ ਕਿਸੇ ਖਿਲਾਫ ਦਰਜ ਹੋਣੀ ਚਾਹੀਦੀ ਹੈ। ਲੱਖਾਂ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।
ਸ਼ਨੀਵਾਰ ਨੂੰ ਜਾਮਾ ਮਸਜਿਦ ਇਲਾਕੇ 'ਚ ਬਿਜਲੀ ਚੋਰੀ ਖਿਲਾਫ ਚਲਾਈ ਮੁਹਿੰਮ ਦੌਰਾਨ 46 ਸਾਲਾਂ ਤੋਂ ਬੰਦ ਪਏ ਭਗਵਾਨ ਸ਼ਿਵ ਅਤੇ ਹਨੂੰਮਾਨ ਦੇ ਮੰਦਰ ਦਾ ਪਤਾ ਲੱਗਾ। ਮੰਦਿਰ ਉੱਤੇ ਕਬਜ਼ਾ ਕਰ ਘਰਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਮੰਦਿਰ ਦੀ ਸਫ਼ਾਈ ਕਰਵਾਈ। ਜ਼ਿਲ੍ਹਾ ਅਧਿਕਾਰੀ (ਡੀਐੱਮ) ਡਾ: ਰਜਿੰਦਰ ਪੈਂਸੀਆ ਨੇ ਦੱਸਿਆ ਕਿ ਬਿਜਲੀ ਚੋਰੀ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਇਕ ਮੰਦਰ ਦਾ ਪਤਾ ਲੱਗਾ ਸੀ, ਜੋ ਕਿ ਕਬਜ਼ੇ ਕਾਰਨ ਬੰਦ ਕਰ ਦਿੱਤਾ ਗਿਆ ਸੀ।
ਪ੍ਰਾਚੀਨ ਖੂਹ ਮਿਲਿਆ
ਮੰਦਰ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਇਸ ਦੇ ਨੇੜੇ ਸਥਿਤ ਇਕ ਪ੍ਰਾਚੀਨ ਖੂਹ 'ਤੇ ਰੈਂਪ ਬਣਾਇਆ ਗਿਆ ਸੀ। ਰੈਂਪ ਹਟਾ ਕੇ ਇਕ ਖੂਹ ਮਿਲਿਆ। ਮੰਦਿਰ ਨੂੰ ਇਸਦੇ ਅਸਲ ਮਾਲਕਾਂ ਨੂੰ ਸੌਂਪਿਆ ਜਾਵੇਗਾ ਅਤੇ ਕਬਜ਼ਿਆਂ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੰਦਰ ਦੀ ਪੁਰਾਤਨਤਾ ਦਾ ਪਤਾ ਲਗਾਉਣ ਲਈ ਪੁਰਾਤੱਤਵ ਵਿਭਾਗ (ਏ.ਐੱਸ.ਆਈ.) ਨੂੰ ਕਾਰਬਨ ਡੇਟਿੰਗ ਕਰਵਾਉਣ ਲਈ ਕਿਹਾ ਗਿਆ ਹੈ।
ਮੰਦਰ 'ਤੇ ਕੀਤਾ ਗਿਆ ਸੀ ਕਬਜ਼ਾ
ਵਧੀਕ ਪੁਲਿਸ ਸੁਪਰਡੈਂਟ (ਏ.ਐੱਸ.ਪੀ.) ਸ਼੍ਰੀਸ਼ ਚੰਦਰ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੇ ਮੰਦਰ 'ਤੇ ਕਬਜ਼ਾ ਕਰ ਲਿਆ ਸੀ ਅਤੇ ਉੱਥੇ ਮਕਾਨ ਬਣਾ ਲਏ ਸੀ। ਮੰਦਰ ਵਿਚ ਭਗਵਾਨ ਸ਼ਿਵ ਅਤੇ ਹਨੂੰਮਾਨ ਦੀਆਂ ਮੂਰਤੀਆਂ ਮੌਜੂਦ ਹਨ। ਪਹਿਲਾਂ ਇਸ ਇਲਾਕੇ ਵਿਚ ਹਿੰਦੂ ਪਰਿਵਾਰ ਰਹਿੰਦੇ ਸਨ ਪਰ ਕਿਸੇ ਕਾਰਨ ਇਹ ਇਲਾਕਾ ਛੱਡ ਕੇ ਚਲੇ ਗਏ। ਇਕ ਪੁਰਾਤਨ ਖੂਹ ਬਾਰੇ ਵੀ ਜਾਣਕਾਰੀ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਜਾਂ ਜਨਤਕ ਜਾਇਦਾਦ 'ਤੇ ਕਬਜ਼ੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਬਜ਼ੇ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
UP Ancient Shiva Temple Opened In Sambhal After 46 Years Hindus Had Left The Area After The 1978 Riots