ਪੰਜਾਬ 'ਚ ਦੋ ਦਿਨਾਂ ਤੱਕ ਹਨ੍ਹੇਰੀ-ਝੱਖੜ ਨਾਲ ਭਾਰੀ ਮੀਂਹ ਦੀ ਸੰਭਾਵਨਾ, ਅਲਰਟ ਜਾਰੀ
LPTV / Chandigarh
ਸੂਬੇ 'ਚ ਪਿਛਲੇ ਦੋ ਹਫ਼ਤਿਆਂ ਤੋਂ ਲੋਕ ਭਿਆਨਕ ਗਰਮੀ ਤੇ ਲੂਅ ਦਾ ਸਾਹਮਣਾ ਕਰ ਰਹੇ ਹਨ। ਉਂਝ ਤਾਂ ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਉਤਰੀ ਭਾਰਤ ਦੇ ਕਈ ਸੂਬਿਆਂ ਜਿਵੇਂ ਯੂਪੀ, ਦਿੱਲੀ, ਮੱਧ ਪ੍ਰਦੇਸ਼ 'ਚ ਹਰ ਥਾਂ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ ਪਰ ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ 'ਚ ਅਗਲੇ ਕੁਝ ਦਿਨਾਂ 'ਚ ਮੌਸਮ 'ਚ ਬਦਲਾਅ ਹੋਣ ਵਾਲਾ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।
ਦੱਸ ਦਈਏ ਕਿ ਬੁੱਧਵਾਰ ਤੋਂ ਪੰਜਾਬ 'ਚ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਬੱਦਲਾਂ ਤੇ ਤੇਜ਼ ਹਵਾਵਾਂ ਨਾਲ ਲੋਕਾਂ ਨੂੰ ਇਸ ਕੜਕਦੀ ਧੁੱਪ ਤੋਂ ਰਾਹਤ ਮਿਲੇਗੀ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਬੁੱਧਵਾਰ ਦੁਪਹਿਰ ਤੋਂ ਬਾਅਦ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ ਤੇ ਗਰਜ਼-ਤੂਫ਼ਾਨ ਚੱਲ ਸਕਦਾ ਹੈ। ਭਾਰੀ ਮੀਂਹ ਵੀ ਪੈ ਸਕਦਾ ਹੈ।
ਖਾਸ ਕਰਕੇ ਪਹਾੜੀ ਖੇਤਰ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੋਪੜ, ਹੁਸ਼ਿਆਰਪੁਰ, ਲੁਧਿਆਣਾ, ਨਵਾਂਸ਼ਹਿਰ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਫ਼ਿਰੋਜ਼ਪੁਰ, ਬਠਿੰਡਾ, ਮੁਕਤਸਰ, ਫ਼ਰੀਦਕੋਟ, ਬਰਨਾਲਾ, ਮਾਨਸਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
Alert issued for heavy rain with thunderstorm for two days in Punjab