ਪੰਜਾਬ ਦਾ ਅਜਿਹਾ ਬਜ਼ੁਰਗ ਜੋ ਬਣ ਗਿਆ ਭਾਰਤ ਦਾ ਸਭ ਤੋਂ ਪੜ੍ਹਿਆ-ਲਿਖਿਆ, ਯੂਨੀਵਰਸਟੀਆਂ ਤੋਂ ਸਾਰੀਆਂ ਡਿਗਰੀਆਂ ਕਰ ਲਈਆਂ, ਅਜੇ ਵੀ ਪੜ੍ਹਨ ਦੀ ਹੈ ਚਾਹਤ
LPTV / Chandigarh
ਲੁਧਿਆਣਾ: ਕਹਿੰਦੇ ਆ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਹੈ। ਸਿੱਖਿਆ ਇਕ ਅਜਿਹੀ ਕੁੰਜੀ ਹੈ ਜੋ ਤੁਹਾਡੀ ਜ਼ਿੰਦਗੀ ਦੀ ਸਫਲਤਾ ਦਾ ਕਾਰਨ ਬਣਦੀ ਹੈ। ਹਰੇਕ ਵਿਅਕਤੀ ਆਪਣੀ ਜ਼ਿੰਦਗੀ 'ਚ ਓਦੋ ਹੀ ਸਫਲਤਾ ਪ੍ਰਾਪਤ ਕਰ ਸਕਦਾ ਹੈ ਜੇਕਰ ਉਸ ਕੋਲ ਸਿੱਖਿਆ ਹੋਵੇ। ਸਿੱਖਿਆ ਸਾਡਾ ਉਹ ਗਹਿਣਾ ਹੈ ਜਿਸ ਨੂੰ ਕੋਈ ਵੀ ਤੁਹਾਡੇ ਤੋਂ ਖੋਹ ਨਹੀਂ ਸਕਦਾ। ਅੱਜ-ਕੱਲ੍ਹ ਲੋਕ ਕਈ ਤਰ੍ਹਾਂ ਦੇ ਨਸ਼ੇ ਕਰਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਨ ਪਰ ਇਕ ਵਿਅਕਤੀ ਅਜਿਹਾ ਵੀ ਹੈ ਜੋ ਇਕ ਵੱਖਰਾ ਹੀ ਨਸ਼ਾ ਲਾਈ ਬੈਠਾ ਹੈ। ਜੀ ਹਾਂ ਬਿਲਕੁੱਲ ਉਹ ਨਸ਼ਾ ਹੈ ਸਿੱਖਿਆ ਦਾ। ਆਓ ਜਾਣਦੇ ਹਾਂ ਉਸ ਵਿਅਕਤੀ ਬਾਰੇ ਜਿਸਦੀ ਉਮਰ 80 ਸਾਲ ਹੈ ਪਰ ਉਸ ਨੇ ਇੰਨੀਆਂ ਡਿਗਰੀਆਂ ਕਰ ਲਈਆਂ ਕਿ ਯੂਨੀਵਰਸਟੀਆਂ ਵਾਲੇ ਵੀ ਹੱਥ ਜੋੜ ਗਏ। ਹੁਣ ਉਹ ਭਾਰਤ ਦੇ ਸਭ ਤੋਂ ਪੜ੍ਹੇ ਲਿਖੇ ਆਦਮੀ ਬਣ ਗਏ ਤੇ 47 ਦੇ ਕਰੀਬ ਉਨ੍ਹਾਂ ਕੋਲ ਡਿਗਰੀਆਂ ਹਨ। ਪਰ ਪੜ੍ਹਾਈ ਚਾਹਤ ਅਜੇ ਵੀ ਨਹੀਂ ਮੁੱਕੀ।
ਲਾਈਵ ਪੰਜਾਬੀ ਟੀਵੀ ਦੇ ਪੱਤਰਕਾਰ ਚਰਨਜੀਤ ਸਿੰਘ ਜੋਗੀ ਨੇ ਜਗਰਾਓਂ ਦੇ ਪਿੰਡ ਅਖਾੜਾ 'ਚ ਰਹਿਣ ਵਾਲੇ ਡਾ. ਹਰਦਿਆਲ ਸਿੰਘ ਸੈਂਬੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਦੀ ਸਿੱਖਿਆ ਤੇ ਜ਼ਿੰਦਗੀ ਬਾਰੇ ਗੱਲਬਾਤ ਕੀਤੀ।
ਡਾ. ਹਰਦਿਆਲ ਸਿੰਘ ਸੈਂਬੀ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਵੱਲੋਂ ਉਨ੍ਹਾਂ ਨੂੰ ਸਕੂਲ ਨਹੀਂ ਭੇਜਿਆ ਗਿਆ। ਫਿਰ ਉਨ੍ਹਾਂ ਤਾਏ ਦੇ ਮੁੰਡੇ ਸਕੂਲ ਲੈ ਕੇ ਜਿਥੇ ਉਨ੍ਹਾਂ ਦਾ ਟੈਸਟ ਲੈਣ ਤੋਂ ਬਾਅਦ ਸਿੱਧਾ ਪਹਿਲੀ ਜਮਾਤ 'ਚ ਦਾਖ਼ਲਾ ਮਿਲ ਗਿਆ। ਉਨ੍ਹਾਂ ਦੱਸਿਆ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਮੁਸਲਮਾਨ ਮਾਸਟਰ 6 ਮਹੀਨੇ ਪੜ੍ਹਾ ਕੇ ਪਾਕਿਸਤਾਨ ਚਲਾ ਗਿਆ। ਫਿਰ ਉਨ੍ਹਾਂ ਪਿੰਡ ਅਖਾੜਾ 'ਚ ਪੜ੍ਹਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਉਹ ਸਾਈਕਲ 'ਤੇ ਹਲਵਾਰਾ ਪੜ੍ਹਾਈ ਕਰਨ ਲਈ ਜਾਂਦੇ ਸਨ। ਪੜ੍ਹਾਈ ਦਾ ਇੰਨਾ ਜਾਨੂੰਨ ਸੀ ਇਕ ਵਾਰ ਉਹ ਸਾਈਕਲ ਚਲਾ ਰਹੇ ਸਨ ਨਾਲ-ਨਾਲ ਕਿਤਾਬ ਪੜ੍ਹ ਰਹੇ ਸਨ ਤਾਂ ਉਹ ਸਾਈਕਲ ਸਮੇਤ ਨਹਿਰ 'ਚ ਡਿੱਗਣ ਲੱਗੇ ਸੀ।
ਉਨ੍ਹਾਂ ਦਾ ਮਾਸਟਰ ਬਨਣ ਦਾ ਸੁਪਣਾ ਸੀ ਪਰ ਸਕੂਲ 'ਚ ਮਾਸਟਰ ਵੱਲੋਂ ਬੱਚਿਆਂ ਦੀ ਕੁੱਟਮਾਰ ਹੁੰਦੀ ਦੇਖ ਉਨ੍ਹਾਂ ਮਨ ਬਦਲ ਲਿਆ। ਫਿਰ ਉਨ੍ਹਾਂ ਇੰਜੀਨੀਅਰ ਬਨਣ ਦਾ ਫੈਸਲਾ ਕੀਤਾ, ਜਿਸ ਕਾਰਨ ਉਨ੍ਹਾਂ ਪੰਜਾਬ ਦੀਆਂ ਯੂਨੀਵਰਸਟੀਆਂ ਨਹੀਂ ਛੱਡੀਆਂ, ਸਾਰੇ ਕੋਰਸ ਤੇ ਡਿਗਰੀਆਂ ਕਰ ਛੱਡੀਆਂ। ਇਹੀ ਨਹੀਂ ਉਨ੍ਹਾਂ ਨਾਲ ਦੇ ਲੱਗਦੇ ਸੂਬੇ ਤੋਂ ਵੀ ਕਈ ਡਿਗਰੀਆਂ ਕਰ ਲਈਆਂ। ਉਨ੍ਹਾਂ ਹੋਮੀਓਪੈਥਿਕ ਤੇ ਆਯੁਰਵੈਦਿਕ ਦੀ ਪੜ੍ਹਾਈ ਵੀ ਕੀਤੀ ਜਿਸ ਤੋਂ ਬਾਅਦ ਲੋਕਾਂ ਨੂੰ ਦਵਾਈ ਦਿੰਦੇ ਰਹੇ। ਉਨ੍ਹਾਂ ਨੇ ਐੱਮਈਐੱਸ 'ਚ ਸਰਵਿਸ ਕੀਤੀ ਤੇ ਕਰਨਲ ਲੈਵਲ ਤਕ ਰਹੇ। ਰਿਟਾਇਰ ਹੋਣ ਤੋਂ ਬਾਅਦ ਮੁੜ ਕਿਤਾਬਾਂ ਨੂੰ ਆਪਣਾ ਸਾਥੀ ਬਣਾ ਲਿਆ ਤੇ ਪੜ੍ਹਾਈ ਸ਼ੁਰੂ ਕਰ ਦਿੱਤੀ। ਤਹਾਨੂੰ ਦੱਸ ਦਈਏ ਕੋਰੋਨਾ ਕਾਲ 'ਚ ਲਾਕਡਾਊਨ 'ਚ ਉਨ੍ਹਾਂ ਨੇ ਇਕ ਡਿਪਲੋਮਾ ਕੀਤਾ ਹੈ। ਉਨ੍ਹਾਂ ਕਿਹਾ ਹੋਰ ਡਿਗਰੀਆਂ ਕਰਨ ਲਈ ਉਹ ਹਾਲੇ ਵੀ ਯੂਨੀਵਰਸਟੀਆਂ ਨੂੰ ਲਿਖਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਪੜ੍ਹਾਈ ਕਰਨ ਦੌਰਾਨ ਉਨ੍ਹਾਂ ਦੀ ਪਤਨੀ ਦਾ ਕਾਫੀ ਸਹਿਯੋਗ ਰਿਹਾ ਹੈ। ਖੁਦ ਚਾਹੇ ਉਨ੍ਹਾਂ ਦੀ ਪਤਨੀ ਘੱਟ ਪੜ੍ਹੀ ਹੈ ਪਰ ਮੈਨੂੰ ਕਦੀ ਵੀ ਪੜ੍ਹਾਈ ਕਰਨ ਤੋਂ ਨਹੀਂ ਰੋਕਿਆ। ਉਨ੍ਹਾਂ ਖੇਤੀਬਾੜੀ ਦਾ ਵੀ ਇਕ ਡਿਪਲੋਮਾ ਕੀਤਾ ਹੈ। ਉਨ੍ਹਾਂ ਕਿਹਾ ਜਦੋਂ ਉਹ ਬੋਰ ਹੋ ਜਾਂਦੇ ਹਨ ਤਾਂ ਕਿਤਾਬ ਪੜ੍ਹਨ ਲੱਗ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੀ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਮੈਂ ਖੁਦ ਲੋਕਾਂ ਨੂੰ ਹੱਲਾਸ਼ੇਰੀ ਦੇ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਜੋ ਅੱਜ ਕਈ-ਕਈ ਡਿਗਰੀਆਂ ਕਰੀ ਬੈਠੇ ਹਨ।
ਜੇਕਰ ਉਨ੍ਹਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਤੇ ਚਾਰ ਬੱਚੇ ਹਨ। ਇਨ੍ਹਾਂ 'ਚ ਇਕ ਲੜਕੀ ਤੇ ਤਿੰਨ ਲੜਕੇ ਹਨ। ਲੜਕੀ ਨੇ ਵੀ 15 ਦੇ ਕਰੀਬ ਡਿਗਰੀਆਂ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਲੜਕੇ ਵੀ ਕਾਫੀ ਪੜ੍ਹੇ ਲਿਖੇ ਤੇ ਉੱਚ ਅਹੁਦਿਆਂ 'ਤੇ ਤਾਇਨਾਤ ਹਨ।
Such an old man of Punjab who became the most educated in India has done all the degrees from universities and still wants to study