Jagraon - ਜਗਰਾਓਂ 'ਚ ਨੌਜਵਾਨ ਨੁੂੰ ਉਸ ਦੇ ਹੀ ਸਾਥੀਆਂ ਨੇ petrol ਪਾ ਕੇ ਲਾ'ਤੀ ਅੱਗ, ਅੱਠ ਜਣਿਆਂ ਖ਼ਿਲਾਫ਼ ਮਾਮਲਾ ਦਰਜ
Admin / Punjab
ਸਟੇਟ ਡੈਸਕ : ਜਗਰਾਓ ਦੇ ਮੁਹੱਲਾ ਸੱਤ ਨੰਬਰ ਚੂੰਗੀ ਤੇ ਇਕ ਨੌਜਵਾਨ ਨੂੰ ਉਸਦੇ ਹੀ ਕੁਝ ਸਾਥੀਆਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ, ਜਿਸ ਦੇ ਚਲਦੇ ਮਨਪ੍ਰੀਤ ਸਿੰਘ ਨਾਮ ਦਾ ਨੌਜਵਾਨ 82 ਫੀਸਦੀ ਝੁਲਸ ਗਿਆ ਤੇ ਉਸਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਹ ਪੂਰੀ ਘਟਨਾ ਸੀਸੀਟੀਵੀ ਵਿਚ ਵੀ ਰਿਕਾਰਡ ਹੋ ਗਈ, ਜਿਸ ਦੇ ਚਲਦੇ ਥਾਣਾ ਸਿਟੀ ਪੁਲਿਸ ਨੇ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਇਹ ਪੂਰੀ ਘਟਨਾ ਚਾਰ ਜੂਨ ਨੂੰ ਵਾਪਰੀ ਤੇ ਅੱਗ ਨਾਲ ਝੁਲਸਣ ਵਾਲੇ ਨੌਜਵਾਨ ਨੇ ਪਰਿਵਾਰਿਕ ਮੈਂਬਰਾਂ ਨੂੰ ਇਹ ਦੱਸਿਆ ਗਿਆ ਕਿ ਤੁਹਾਡੇ ਮੁੰਡੇ ਨੂੰ ਮੋਟਰਸਾਈਕਲ ਵਿਚ ਪੈਟਰੋਲ ਪਾਉਂਦੇ ਸਮੇਂ ਅੱਗ ਲੱਗ ਗਈ, ਮਾਪੇ ਉਸ ਸਮੇਂ ਤਾਂ ਆਪਣੇ ਮੁੰਡੇ ਨੂੰ ਬਚਾਉਣ ਵਿਚ ਲੱਗ ਗਏ ਤੇ ਉਸਨੂੰ ਫਰੀਦਕੋਟ ਮੈਡੀਕਲ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ ।
ਇਸ ਤੋ ਬਾਅਦ ਜਦੋਂ ਵਾਪਿਸ ਆ ਕੇ ਓਨਾ ਇਲਾਕੇ ਦੇ ਸੀਸੀਟੀਵੀ ਕੈਮਰੇ ਦੇਖਣੇ ਸ਼ੁਰੂ ਕੀਤੇ ਤਾਂ ਬੀਤੇ ਕੱਲ੍ਹ ਉਨ੍ਹਾਂ ਨੂੰ ਇਕ ਕੈਮਰੇ ਵਿੱਚੋਂ ਫੁਟੇਜ ਮਿਲੀ, ਜਿਸ ਵਿਚ ਉਨ੍ਹਾਂ ਦੇ ਮੁੰਡੇ ਦੇ ਸਾਥੀ ਹੀ ਉਸ 'ਤੇ ਪੈਟਰੋਲ ਪਾਂ ਕੇ ਅੱਗ ਲਾ ਰਹੇ ਸਨ। ਇਸ ਬਾਰੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਥਾਣਾ ਸਿਟੀ ਜਗਰਾਓਂ ਪੁਲਿਸ ਨੇ ਆਪਣੀ ਜਾਂਚ ਕਰਦਿਆਂ ਇਸ ਮਾਮਲੇ ਵਿਚ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਇਸ ਘਟਨਾ ਲਈ ਜ਼ਿੰਮੇਵਾਰ ਨੌਜ਼ਵਾਨਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ।
ਇਸ ਬਾਰੇ ਪੀੜਤ ਨੌਜਵਾਨ ਮਨਪ੍ਰੀਤ ਸਿੰਘ ਦੇ ਪਿਤਾ ਤੇ ਇਲਾਕੇ ਦੇ ਕੌਂਸਲਰ ਕਾਲਾ ਕਲਿਆਣ ਨੇ ਕਿਹਾ ਕਿ ਇਹ ਨੌਜਵਾਨ ਪਹਿਲਾਂ ਨਸ਼ਾ ਕਰਦਾ ਸੀ, ਪਰ ਹੁਣ ਨਸ਼ਾ ਛੱਡ ਗਿਆ ਸੀ ਤੇ ਆਪਣੇ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਤੋ ਰੋਕਦਾ ਸੀ। ਜਿਸ ਕਰਕੇ ਉਨ੍ਹਾਂ ਨੌਜਵਾਨਾਂ ਨੇ ਹੀ ਇਸ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਓਨਾ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Jagraon In Jagraon A Young Man Was Set On Fire By His Friends Using Petrol A Case Has Been Registered Against Eight People