ਪੰਜਾਬ ਸਮੇਤ ਕਈ ਸੂਬਿਆਂ 'ਚ ਭਾਰੀ ਮੀਂਹ ਦਾ ਆਰੇਂਜ ਅਲਰਟ, ਬਾਰਿਸ਼ ਕਾਰਨ 13 ਸਕੂਲਾਂ 'ਚ ਭਰਿਆ ਪਾਣੀ, ਛੁੱਟੀਆਂ ਦਾ ਐਲਾਨ
Admin / Punjab
ਪੰਜਾਬ ਡੈਸਕ : ਪੰਜਾਬ, ਹਰਿਆਣਾ, ਹਿਮਾਚਲ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਸੜਕਾਂ, ਬੱਸ ਸਟੈਂਡ ਸਮੇਤ ਕਈ ਜਨਤਕ ਥਾਵਾਂ 'ਤੇ ਪਾਣੀ ਭਰ ਗਿਆ ਹੈ ਅਤੇ ਸੜਕਾਂ 'ਤੇ ਵਾਹਨ ਖੜ੍ਹੇ ਹੋ ਗਏ ਹਨ। ਇਸ ਮੀਂਹ ਕਾਰਨ ਉੱਤਰੀ ਭਾਰਤ ਦਾ ਤਾਪਮਾਨ ਡਿੱਗ ਗਿਆ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ।
ਇਸ ਭਾਰੀ ਬਰਸਾਤ ਨੇ ਰਾਹਤ ਦੀ ਬਜਾਏ ਹੋਰ ਮੁਸ਼ਕਲਾਂ ਲਿਆ ਦਿੱਤੀਆਂ, ਕਿਉਂਕਿ ਲੋਕਾਂ ਨੂੰ ਘਰੋਂ ਨਿਕਲਣਾ ਵੀ ਔਖਾ ਹੋ ਰਿਹਾ ਸੀ। ਕਈ ਸੂਬਿਆਂ ਵਿਚ ਮੀਂਹ ਦੇ ਕਹਿਰ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਹਿਮਾਚਲ ਦੇ ਕਿਨੌਰ ਵਿਚ ਵੀ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਕਈ ਰਾਜਾਂ ਵਿਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਪੰਜਾਬ ਵਿਚ ਮਾਨਸੂਨ ਸੀਜ਼ਨ ਦੌਰਾਨ ਬਹੁਤੀ ਬਾਰਿਸ਼ ਨਹੀਂ ਹੋਈ ਪਰ ਇਸ ਬਾਰਿਸ਼ ਨਾਲ ਪਿਛਲੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ ਹਨ। ਕਈ ਘੰਟੇ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਾਣੀ ਭਰ ਗਿਆ ਅਤੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਪੰਜਾਬ ਵਿਚ ਘੱਟੋ-ਘੱਟ ਤਾਪਮਾਨ 24 ਡਿਗਰੀ ਦੇ ਆਸ-ਪਾਸ ਰਿਹਾ, ਜਿਸ ਨਾਲ ਰਾਹਤ ਮਿਲੀ।
ਅੱਜ ਮੌਸਮ ਕਿਹੋ ਜਿਹਾ ਰਹੇਗਾ?
ਮੌਸਮ ਵਿਭਾਗ ਨੇ ਦੇਸ਼ ਦੇ 20 ਤੋਂ ਵੱਧ ਰਾਜਾਂ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਅਨੁਸਾਰ ਅੱਜ ਪੰਜਾਬ, ਦਿੱਲੀ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪੂਰਬੀ ਰਾਜਾਂ ਵਿਚ ਭਾਰੀ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ, ਕੇਰਲ, ਤਾਮਿਲਨਾਡੂ ਰਾਜਾਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ
ਪੰਜਾਬ ਅਤੇ ਹਿਮਾਚਲ ਵਿਚ ਭਾਰੀ ਮੀਂਹ ਤੋਂ ਬਾਅਦ ਰੋਪੜ ਜ਼ਿਲ੍ਹੇ ਦੇ ਬਲਾਕ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ 13 ਸਕੂਲਾਂ ਵਿਚ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਉਕਤ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਇਨ੍ਹਾਂ ਸਕੂਲਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਭੱਲਾੜੀ, ਨੰਗਰਾਂ, ਖਾਬੜਾ, ਖੇੜਾ ਕਮਲੋਟ, ਭੈਣੀ, ਅਮਰਪੁਰ ਬੇਲਾ, ਬ੍ਰਹਮਪੁਰ, ਲੋਅਰ ਅਤੇ ਮਾਹਿਲਵਾਂ ਦੇ ਨਾਲ-ਨਾਲ ਸਰਕਾਰੀ ਮਿਡਲ ਸਕੂਲ ਮਾਹਿਲਵਾਂ, ਖਾਨਪੁਰ, ਸਰਕਾਰੀ ਹਾਈ ਸਕੂਲ ਕੁਲਰੀਆਂ, ਦਸਗਰਾਈ ਅਤੇ ਸਰਕਾਰੀ ਸੀਨੀਅਰ ਸਕੂਲ ਸੁਖਸਾਲ ਸ਼ਾਮਲ ਹਨ।
ਰੋਪੜ ਖੇਤਰ ਵਿਚ ਬੀਤੇ ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇੱਥੇ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਕਿਉਂਕਿ ਹਿਮਾਚਲ ਵਿਚ ਮੀਂਹ ਦਾ ਪਾਣੀ ਮੈਦਾਨੀ ਇਲਾਕਿਆਂ ਵੱਲ ਵੱਧ ਰਿਹਾ ਹੈ। ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਖੇਤਰਾਂ ਦੇ ਸਕੂਲਾਂ ਵਿੱਚ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ। ਪੰਜਾਬ ਵਿੱਚ ਸ਼ਨੀਵਾਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਬੀਤੇ ਦਿਨ ਵੀ ਸੂਬੇ ਵਿੱਚ ਸਾਰੀਆਂ ਥਾਵਾਂ 'ਤੇ ਤੇਜ਼ ਮੀਂਹ ਦੇਖਣ ਨੂੰ ਮਿਲਿਆ ਸੀ। ਅੱਜ ਵੀ ਸਵੇਰ ਦੇ ਸਮੇਂ ਪੰਜਾਬ ਵਿੱਚ ਕਈ ਜਿਲ੍ਹਿਆਂ ਵਿਚ ਮੀਂਹ ਪਿਆ ਹੈ।
Orange Alert Of Heavy Rain In Many States Including Punjab 13 Schools Filled With Water Due To Rain