Punjab Panchayat Elections- ਪੰਜਾਬ ਦੇ ਕਈ ਪਿੰਡਾਂ 'ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ, ਪੜ੍ਹੇ ਲਿਖੇ ਨੌਜਵਾਨਾਂ ਨੂੰ ਬਣਾਇਆ ਸਰਪੰਚ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਵਿਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ। ਨਾਮਜ਼ਦਗੀ ਪ੍ਰਕਿਰਿਆ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਚੱਕ ਕਿਸ਼ਨਾ ਅਤੇ ਗ੍ਰਾਮ ਪੰਚਾਇਤ ਰਸੂਲਪੁਰ ਦੇ ਲੋਕਾਂ ਨੇ ਸਰਬਸੰਮਤੀ ਨਾਲ 24 ਸਾਲਾ ਨੌਜਵਾਨ ਪਰਮਪਾਲ ਸਿੰਘ ਬੁੱਟਰ ਨੂੰ ਸਰਪੰਚ ਬਣਾਇਆ ਹੈ।
ਪੀਣ ਵਾਲੇ ਮਾੜੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਿੱਤਾ ਭਰੋਸਾ
ਮੋਗਾ ਜ਼ਿਲ੍ਹੇ ਦਾ ਇਹ ਪਹਿਲਾ ਪਿੰਡ ਹੈ ਜਿਸ ਵਿਚ ਸਰਪੰਚ ਚੁਣਿਆ ਗਿਆ ਹੈ। ਪਰਮਪਾਲ ਸਿੰਘ ਦੀ ਮਾਤਾ ਸੁਖਬਿੰਦਰ ਕੌਰ ਪਿਛਲੇ 5 ਸਾਲਾਂ ਤੋਂ ਸਰਪੰਚ ਰਹਿ ਚੁੱਕੀ ਹੈ। ਉਸ ਦੇ ਕੰਮ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਪਰਮਪਾਲ ਸਿੰਘ ਨੂੰ ਸਰਪੰਚ ਚੁਣ ਲਿਆ ਹੈ। ਪਰਮਪਾਲ ਲਾਅ ਦਾ ਵਿਦਿਆਰਥੀ ਹੈ। ਉਸ ਦਾ ਕਹਿਣਾ ਹੈ ਕਿ ਉਹ ਲੋਕਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। ਨਾਲ ਹੀ ਪਿੰਡ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਵੀ ਅੱਗੇ ਲਿਜਾਇਆ ਜਾਵੇਗਾ। ਅਸੀਂ ਨੌਜਵਾਨਾਂ ਲਈ ਖੇਡ ਮੈਦਾਨ ਅਤੇ ਸਟੇਡੀਅਮ ਬਣਾਵਾਂਗੇ ਅਤੇ ਪਿੰਡਾਂ ਵਿਚ ਪੀਣ ਵਾਲੇ ਮਾੜੇ ਪਾਣੀ, ਜਿਸ ਨਾਲ ਕੈਂਸਰ ਵੱਧ ਰਿਹਾ ਹੈ, ਨਾਲ ਨਜਿੱਠਣ ਲਈ ਹੋਰ ਬੋਰ ਕਰਵਾ ਕੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਵਾਂਗੇ ਅਤੇ ਹਮੇਸ਼ਾ ਲੋਕਾਂ ਦੇ ਨਾਲ ਖੜੇ ਰਹਾਂਗੇ।
ਮੁਕਤਸਰ ਦੇ 2 ਪਿੰਡਾਂ 'ਚ ਸਰਬਸੰਮਤੀ ਨਾਲ ਸਰਪੰਚ ਚੁਣੇ
ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਦੇ ਦੋ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਕੀਤੀ ਗਈ। ਇੱਥੋਂ ਦੇ ਪਿੰਡ ਫੱਕਰਸਰ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਮਨਪ੍ਰੀਤ ਸਿੰਘ ਨੂੰ ਸਰਪੰਚ ਐਲਾਨ ਦਿੱਤਾ। ਇਸੇ ਤਰ੍ਹਾਂ ਢਾਣੀ ਗੁਰੂ ਦੀ ਆਸਲ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਨਿਰਮਲ ਸਿੰਘ ਸੰਧੂ ਨੂੰ ਸਰਪੰਚ ਅਤੇ ਪੰਜ ਹੋਰਾਂ ਨੂੰ ਪੰਚ ਐਲਾਨ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਪਿੰਡਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ, ਜਿੱਥੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੁੰਦੀ ਹੈ। ਪਿੰਡ ਫੱਕਰਸਰ ਦੇ ਸਾਬਕਾ ਸਰਪੰਚ ਕੌਰ ਸਿੰਘ ਨੇ ਕਿਹਾ ਕਿ ਸਾਡੇ ਪੂਰੇ ਪਿੰਡ ਨੇ ਸਰਬਸੰਮਤੀ ਨਾਲ ਮਨਪ੍ਰੀਤ ਸਿੰਘ ਨੂੰ ਆਪਣਾ ਅਗਲਾ ਸਰਪੰਚ ਐਲਾਨ ਦਿੱਤਾ ਹੈ। ਹੁਣ ਅਸੀਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਨੂੰ ਲਿਖਤੀ ਜਾਣਕਾਰੀ ਦੇਵਾਂਗੇ।
2018 ਦੀਆਂ ਪੰਚਾਇਤੀ ਚੋਣਾਂ ਦੌਰਾਨ ਮੁਕਤਸਰ ਜ਼ਿਲ੍ਹੇ ਵਿੱਚ 38 ਸਰਪੰਚ ਅਤੇ 894 ਪੰਚ ਬਿਨਾਂ ਮੁਕਾਬਲਾ ਚੁਣੇ ਗਏ ਸਨ। ਉਸ ਸਮੇਂ ਜ਼ਿਲ੍ਹੇ ਵਿਚ 269 ਪੰਚਾਇਤਾਂ ਅਤੇ 2,060 ਪੰਚ ਸਨ।
ਪਟਿਆਲਾ ਦਾ ਪਿੰਡ ਸੰਗਤਪੁਰਾ
ਪਿੰਡ ਸੰਗਤਪੁਰਾ ਭੌਂਕੀ ਦੇ ਸਰਪੰਚ ਜੀਤ ਸਿੰਘ ਨੂੰ ਸਰਬ ਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਗਿਆ। ਸਰਪੰਚ ਜੀਤ ਸਿੰਘ ਬੀਏ ਪਾਸ ਹੈ ਅਤੇ ਅਕਾਲੀ, ਕਾਂਗਰਸ ਅਤੇ ਆਪ ਪਾਰਟੀ ਨੇ ਧੜੇਬੰਦੀ ਤੋਂ ਉੱਪਰ ਉੱਠ ਕੇ ਇਹ ਪਹਿਲ ਕਦਮੀ ਕੀਤੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਸਮੁੱਚੇ ਨਗਰ ਨੇ ਸਰਬ ਸੰਮਤੀ ਦੇ ਨਾਲ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਤੇ ਪੜ੍ਹੇ ਲਿਖੇ ਅਨੁਸਾਰ ਮੈਨੂੰ ਚੁਣਿਆ ਹੈ।
ਪਠਾਨਕੋਟ ਦੇ ਪਿੰਡ ਡੇਰਾ ਬਸਤੀ ਮਾਖਨਪੁਰ
ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਸਰਹੱਦੀ ਇਲਾਕੇ ਦੇ ਪਿੰਡ ਡੇਰਾ ਬਸਤੀ ਮਾਖਨਪੁਰ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਦੂਜੀ ਵਾਰ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ ਅਤੇ ਪਿੰਡ ਦੇ ਲੋਕਾਂ ਅਤੇ ਮੈਂਬਰ ਪੰਚਾਇਤ ਨੂੰ ਹੁਣ ਪੰਜਾਬ ਸਰਕਾਰ ਵਲੋਂ ਮਿਲਣ ਵਾਲੀ ਗਰਾਂਟ ਦੀ ਆਸ ਹੈ।
ਚਮਕੌਰ ਸਾਹਿਬ
ਚਮਕੌਰ ਸਾਹਿਬ ਬਲਾਕ ਦੇ ਛੋਟੇ ਜਿਹੇ ਪਿੰਡ ਮਨਜੀਤ ਪੁਰ, ਜਿਹੜਾ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਹੈ ਦੂਜੇ ਪਿੰਡਾਂ ਨੂੰ ਪਿੱਛੇ ਛੱਡ ਕੇ ਸਭ ਤੋਂ ਪਹਿਲਾਂ ਸਾਰੀ ਪੰਚਾਇਤ ਨੂੰ ਸਰਬਸੰਮਤੀ ਨਾਲ ਬਣਾਉਣ ਵਿੱਚ ਮੋਹਰੀ ਰਿਹਾ ਅਤੇ ਦੂਜੇ ਪਿੰਡਾਂ ਦੇ ਸਰਪੰਚੀ ਪੰਚੀ ਲਈ 5-7 ਲੱਖ ਖਰਚਣ ਦੇ ਦਾਅਵੇ ਕਰਨ ਵਾਲੇ ਲੋਕਾਂ ਲਈ ਰਾਹ ਦਸੇਰਾ ਬਣਿਆ ਹੈ। ਪਿੰਡ ਵਾਸੀਆਂ ਨੇ ਜਸਵੀਰ ਕੌਰ ਪਤਨੀ ਮਨਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ, ਜਦੋਂ ਕਿ ਹੋਰ ਚੁਣੇ ਪੰਚਾਇਤ ਮੈਂਬਰਾਂ ਵਿੱਚ ਬਲਜੀਤ ਕੌਰ ਪਤਨੀ ਗੁਰਬਖਸ਼ ਸਿੰਘ, ਭਿੰਦਰ ਕੌਰ ਪਤਨੀ ਕਮਲਜੀਤ ਸਿੰਘ, ਗੁਰਦਿਆਲ ਸਿੰਘ, ਜਗਤਾਰ ਸਿੰਘ, ਰਘਵੀਰ ਸਿੰਘ ਨੂੰ ਬਤੌਰ ਮੈਂਬਰ ਪੰਚਾਇਤ ਚੁਣਿਆ ਗਿਆ।
Panchayat Elected Unanimously In Many Villages Of Punjab