ਮੰਡੀਆਂ 'ਚ ਕੁੱਲ 18,31,588 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ, 16,37,517 ਮੀਟ੍ਰਿਕ ਟਨ ਦੀ ਹੋ ਚੁੱਕੀ ਹੈ ਖਰੀਦ - ਮੰਤਰੀ ਲਾਲ ਚੰਦ ਕਟਾਰੂਚੱਕ
Admin / Punjab
ਹੁਣ ਤੱਕ ਕਿਸਾਨਾਂ ਦੇ ਖਾਤਿਆਂ 'ਚ 3 ਹਜ਼ਾਰ ਕਰੋੜ ਦੀ ਅਦਾਇਗੀ ਹੋਈ
ਲਾਈਵ ਪੰਜਾਬੀ ਟੀਵੀ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਪ੍ਰਕਿਰਿਆ ਨਾਲ ਜੁੜੇ ਸਾਰੇ ਹਿੱਸੇਦਾਰਾਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਇਸ ਦਾ ਸਬੂਤ ਇਹ ਹੈ ਕਿ ਚਾਲੂ ਖਰੀਦ ਸੀਜ਼ਨ ਦੌਰਾਨ ਬੀਤੀ ਦੇਰ ਸ਼ਾਮ ਤੱਕ ਸੂਬੇ ਦੀਆਂ ਮੰਡੀਆਂ ਵਿਚ ਕੁੱਲ 18,31,588 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿਚੋਂ 16,37,517 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜੋ ਕਿ 90 ਫੀਸਦੀ ਬਣਦੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ਵਿਚ ਹੁਣ ਤੱਕ ਕਰੀਬ 3000 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਖਰੀਦ ਸੀਜ਼ਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬਾ ਸਰਕਾਰ ਵੱਲੋਂ 2651 ਖਰੀਦ ਕੇਂਦਰ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਹੁਣ ਤੱਕ 2184 ਚੌਲ ਮਿੱਲ ਮਾਲਕਾਂ ਨੇ ਮਿੱਲਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦਿੱਤੀਆਂ ਹਨ। ਸਟੋਰੇਜ ਦੀ ਉਪਲਬਧਤਾ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਭਾਰਤੀ ਖੁਰਾਕ ਨਿਗਮ ਦੇ ਅਨੁਸਾਰ ਇਸ ਵੇਲੇ 9.5 ਐਲਐਮਟੀ ਸਥਾਨ ਉਪਲਬਧ ਹੈ। ਰਾਜ ਵਿਚ ਦਸੰਬਰ ਮਹੀਨੇ ਵਿਚ ਮਿਲਿੰਗ ਸ਼ੁਰੂ ਹੁੰਦੀ ਹੈ, ਇਸ ਲਈ ਦਸੰਬਰ 2024 ਤੱਕ ਲਗਭਗ 30 ਲੱਖ ਮੀਟ੍ਰਿਕ ਟਨ ਜਗ੍ਹਾ ਉਪਲਬਧ ਕਰਾ ਦਿੱਤੀ ਜਾਵੇਗੀ। ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 4 ਲੱਖ ਮੀਟ੍ਰਿਕ ਟਨ ਜ਼ਿਆਦਾ ਅਨਾਜ ਦੀ ਢੋਆ-ਢੁਆਈ ਦਰਜ ਕੀਤੀ ਗਈ ਹੈ। ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ 85.53 ਲੱਖ ਮੀਟ੍ਰਿਕ ਟਨ ਦੀ ਢੋਆ-ਢੁਆਈ ਦਰਜ ਕੀਤੀ ਗਈ ਸੀ, ਜਦੋਂ ਕਿ 2023 ਵਿਚ ਅਪ੍ਰੈਲ ਤੋਂ ਸਤੰਬਰ ਦੀ ਮਿਆਦ ਦੌਰਾਨ ਇਹ ਅੰਕੜਾ 81.73 ਲੱਖ ਮੀਟ੍ਰਿਕ ਟਨ ਸੀ।
ਚੌਲ ਮਿੱਲ ਮਾਲਕਾਂ ਦੀਆਂ ਮੰਗਾਂ ਸਬੰਧੀ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਦੌਰਾਨ ਮਿੱਲ ਮਾਲਕਾਂ ਦੀਆਂ ਵੱਖ-ਵੱਖ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ ਹਨ। ਰਾਜ ਸਰਕਾਰ ਵੱਲੋਂ ਚੌਲ ਮਿੱਲਰਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦੀ ਸੂਚੀ ਦਿੰਦਿਆਂ ਕਟਾਰੂਚੱਕ ਨੇ ਅੱਗੇ ਕਿਹਾ ਕਿ ਕਸਟਮ ਮਿਲਿੰਗ ਰਾਈਸ (ਸੀ.ਐੱਮ.ਆਰ.) ਦੀਆਂ ਸਕਿਓਰਿਟੀਜ਼, ਜੋ ਕਿ ਇੱਕ ਸਾਲ ਨੂੰ ਛੱਡ ਕੇ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਸਨ, ਨੂੰ ਵਾਪਸ ਮਿਲ ਰਿਹਾ ਹੈ। ਇਸ ਕਾਰਨ ਚੌਲ ਮਿੱਲ ਮਾਲਕਾਂ ਨੂੰ 150 ਕਰੋੜ ਰੁਪਏ ਦੀ ਰਾਹਤ ਮਿਲੀ ਹੈ।
ਮਿੱਲ ਮਾਲਕਾਂ ਨੂੰ 300 ਕਰੋੜ ਰੁਪਏ ਦਾ ਹੋਵੇਗਾ ਮੁਨਾਫ਼ਾ
ਇਸ ਦੇ ਨਾਲ ਹੀ ਪਹਿਲਾਂ 175 ਰੁਪਏ ਪ੍ਰਤੀ ਟਨ ਸੀਐਮਆਰ ਸਕਿਉਰਿਟੀ ਦੀ ਥਾਂ ਹੁਣ ਸਿਰਫ਼ 10 ਰੁਪਏ ਪ੍ਰਤੀ ਟਨ ਵਸੂਲੀ ਹੋਵੇਗੀ, ਜਿਸ ਨਾਲ ਮਿੱਲ ਮਾਲਕਾਂ ਨੂੰ 300 ਕਰੋੜ ਰੁਪਏ ਦਾ ਮੁਨਾਫ਼ਾ ਹੋਵੇਗਾ। ਇਸ ਤੋਂ ਇਲਾਵਾ, ਇਸ ਸਾਲ ਦੀ ਨੀਤੀ ਤਹਿਤ ਸੁਰੱਖਿਆ ਦਰ ਟਨ ਸਮਰੱਥਾ ਅਨੁਸਾਰ ਨਿਰਧਾਰਤ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸਾਲਾਂ ਦੌਰਾਨ ਇਹ ਸਕਿਓਰਿਟੀ ਹਰੇਕ ਮਿੱਲ ਤੋਂ 11 ਲੱਖ ਰੁਪਏ ਦੇ ਫਲੈਟ ਰੇਟ 'ਤੇ ਵਸੂਲੀ ਗਈ ਸੀ। ਪਰ ਹੁਣ, 2 ਮੀਟਰਕ ਟਨ ਤੱਕ ਦੀ ਸਮਰੱਥਾ ਵਾਲੀਆਂ ਮਿੱਲਾਂ ਤੋਂ 5 ਲੱਖ ਰੁਪਏ, 2 ਤੋਂ 5 ਮੀਟ੍ਰਿਕ ਟਨ ਦੀ ਸਮਰੱਥਾ ਵਾਲੀਆਂ ਮਿੱਲਾਂ ਤੋਂ 7.5 ਲੱਖ ਰੁਪਏ, ਜਦਕਿ 5 ਮੀਟ੍ਰਿਕ ਟਨ ਤੋਂ ਵੱਧ ਸਮਰੱਥਾ ਵਾਲੀਆਂ ਮਿੱਲਾਂ ਤੋਂ 11 ਲੱਖ ਰੁਪਏ ਵਸੂਲੇ ਜਾਣਗੇ।
ਇਸ ਤੋਂ ਇਲਾਵਾ, ਅਨਾਜ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ/ਪਲੇਦਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਪੰਜਾਬ ਸਰਕਾਰ ਨੇ ਹੁਣ ਬਾਰਦਾਨੇ ਦੀ ਲੋਡਿੰਗ ਦੀ ਦਰ 1.94 ਰੁਪਏ ਤੋਂ ਵਧਾ ਕੇ 2.34 ਰੁਪਏ ਕਰ ਦਿੱਤੀ ਹੈ। ਮੰਤਰੀ ਨੇ ਖਰੀਦ ਸੀਜ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਹਿੱਸੇਦਾਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਕਿਉਂਕਿ ਸਰਕਾਰ ਉਨ੍ਹਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
A Total Of 18 31 588 Metric Tons Of Paddy Has Arrived In The Markets 16 37 517 Metric Tons Have Been Purchased Minister Lal Chand Kataruchak