ਪਾਵਰਕੌਮ ਦਾ ਦਾਅਵਾ! ਕਿਸਾਨਾਂ ਨੂੰ ਮਿਲ ਰਹੀ 9.8 ਘੰਟੇ ਬਿਜਲੀ ਸਪਲਾਈ
LPTV / Chandigarh
ਪੰਜਾਬ ਵਿੱਚ ਬਿਜਲੀ ਕੱਟਾਂ ਨਾਲ ਹਾਹਾਕਾਰ ਮੱਚੀ ਹੋਈ ਹੈ। ਕਿਸਾਨਾਂ ਤੋਂ ਲੈ ਕੇ ਕਾਰੋਬਾਰੀ, ਵਪਾਰੀ ਤੇ ਛੋਟੇ ਦੁਕਾਨਦਾਰ ਪ੍ਰੇਸ਼ਾਨ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਅਸਲ ਵਿੱਚ ਬਿਜਲੀ 4-5 ਘੰਟੇ ਹੀ ਮਿਲ ਰਹੀ ਹੈ। ਇਸ ਲਈ ਪਿਛਲੇ ਦਿਨਾਂ ਵਿੱਚ ਕਿਸਾਨਾਂ ਨੇ ਕਈ ਥਾਈਂ ਸੜਕਾਂ ਜਾਮ ਕੀਤੀਆਂ ਤੇ ਬਿਜਲੀ ਦਫਤਰਾਂ ਦੇ ਘਿਰਾਓ ਕੀਤਾ।
ਦੂਜੇ ਪਾਸੇ ਪਾਵਰਕੌਮ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਪਾਵਰਕੌਮ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਏ ਵੇਣੂ ਪ੍ਰਸਾਦ ਨੇ ਦਾਅਵਾ ਕੀਤਾ ਹੈ ਕਿ ਖੇਤੀ ਸੈਕਟਰ ਲਈ ਤਰਜੀਹੀ ਆਧਾਰ ’ਤੇ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਰਹੱਦੀ ਜ਼ੋਨ ਗੁਰਦਾਸਪੁਰ, ਸਬ-ਅੰਮ੍ਰਿਤਸਰ ਤੇ ਤਰਨ ਤਾਰਨ ਨੂੰ ਸ਼ਨਿਚਰਵਾਰ ਵਾਲੇ ਦਿਨ ਔਸਤਨ 12.4 ਘੰਟੇ ਸਪਲਾਈ ਹੋਈ ਜਦਕਿ ਉੱਤਰੀ ਜ਼ੋਨ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਨੂੰ ਇਸੇ ਦਿਨ ਔਸਤਨ 10.3 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਹੈ।
ਦੱਖਣੀ ਜ਼ੋਨ ਵਿੱਚ ਪੈਂਦੇ ਜ਼ਿਲ੍ਹਿਆਂ ਨੂੰ ਇਸੇ ਸਮੇਂ ਔਸਤਨ 9.6 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਜਦੋਂ ਕਿ ਬਠਿੰਡਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਫਿਰੋਜ਼ਪੁਰ ਦੇ ਇਲਾਕਿਆਂ ਨੂੰ ਔਸਤਨ 8.9 ਘੰਟੇ ਬਿਜਲੀ ਸਪਲਾਈ ਪ੍ਰਾਪਤ ਹੋਈ। ਖੇਤੀ ਸੈਕਟਰ ਨੂੰ ਔਸਤਨ ਕੁੱਲ 9.8 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਬਿਜਲੀ ਸੰਕਟ ਗਹਿਰਾਇਆ ਹੋਇਆ ਹੈ। ਵਿਰੋਧੀ ਸਿਆਸੀ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਹਨ। ਪੰਜਾਬ ਵਿੱਚ ਮਹਿੰਗੀ ਬਿਜਲੀ ਵੀ ਅਹਿਮ ਮੁੱਦਾ ਬਣ ਗਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਪਿਛਲੇ ਦਿਨੀਂ ਸਰਕਾਰ ਬਣਨ 'ਤੇ 300 ਯੂਨਿਟਾਂ ਮੁਫਤ ਬਿਜਲੀ ਦੇਣ ਦਾ ਐਲਾਨ ਕਰਕੇ ਗਏ ਹਨ। ਇਸ ਲਈ ਕਾਂਗਰਸ ਅੰਦਰ ਵੀ ਬਿਜਲੀ ਸੁਧਾਰਾਂ ਦੀ ਮੰਗ ਉੱਠਣ ਲੱਗੀ ਹੈ।
Powercom claim 98 hours electricity supply to farmers