ਪੰਜਾਬ 'ਚ ਬੱਚਿਆਂ ਬਜ਼ੁਰਗਾਂ ਨੂੰ ਮਾਸਕ ਪਹਿਣਨ ਦੀ ਸਲਾਹ, HMPV ਵਾਇਰਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਸਿਹਤ ਮੰਤਰੀ ਨੇ ਕਿਹਾ- ਘਬਰਾਉਣ ਦੀ ਲੋੜ ਨਹੀਂ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਦੇਸ਼ ਵਿਚ ਐਚਐਮਪੀਵੀ (ਹਿਊਮਨ ਮੈਟਾਪਨੀਓਮੋਵਾਇਰਸ) ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸੂਬੇ ਦੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਹਿਨਣ ਦੀ ਅਪੀਲ ਕੀਤੀ ਗਈ ਹੈ।
ਘਬਰਾਉਣ ਦੀ ਲੋੜ ਨਹੀਂ, ਅਸੀਂ ਤਿਆਰ ਹਾਂ
ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਇਸ ਵਾਇਰਸ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਵਿਚ ਅਜੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੂਬਾ ਸਰਕਾਰ ਇਸ ਬਿਮਾਰੀ ਨੂੰ ਲੈ ਕੇ ਕੇਂਦਰ ਦੇ ਸੰਪਰਕ ਵਿੱਚ ਹੈ ਅਤੇ ਇਸ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਭੀੜ ਵਾਲੇ ਖੇਤਰਾਂ ਵਿਚ ਮਾਸਕ ਪਹਿਨੋ
ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਸਿਹਤ ਕਮਜ਼ੋਰ ਹੈ ਜਾਂ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ, ਉਨ੍ਹਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣਾ ਚਾਹੀਦਾ ਹੈ। ਇਹ ਵਾਇਰਸ ਕੋਰੋਨਾ ਜਿੰਨਾ ਗੰਭੀਰ ਨਹੀਂ ਹੈ, ਇਸਦੇ ਲੱਛਣ ਫਲੂ ਵਰਗੇ ਹਨ ਅਤੇ ਇਹ ਘਾਤਕ ਨਹੀਂ ਹੈ। ਪੰਜਾਬ ਦਾ ਸਿਹਤ ਵਿਭਾਗ ਹਰ ਤਰ੍ਹਾਂ ਦੀ ਸਥਿਤੀ ਨਾਲ ਲੜਨ ਲਈ ਤਿਆਰ ਹੈ।
ਪੰਜਾਬ ਦੇ ਡਾਕਟਰ ਅਲਰਟ 'ਤੇ
ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਤੋਂ ਬਹੁਤ ਕੁਝ ਸਿੱਖਿਆ ਹੈ, ਇਸ ਲਈ ਅਸੀਂ ਇਸ ਵਾਇਰਸ ਲਈ ਪੂਰੀ ਤਰ੍ਹਾਂ ਤਿਆਰ ਹਾਂ। ਪੰਜਾਬ ਦੇ ਡਾਕਟਰ ਅਲਰਟ 'ਤੇ ਹਨ ਅਤੇ ਉਨ੍ਹਾਂ ਨੂੰ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਹਰ ਤਰ੍ਹਾਂ ਦਾ ਇਲਾਜ ਮੁਫ਼ਤ ਹੋਵੇਗਾ।
Children And Elderly Advised To Wear Masks In Punjab Advisory Issued Regarding HMPV Virus Health Minister Said No Need To Panic