Punjab Vidhan Sabha 'ਚ ਹੜ੍ਹਾਂ 'ਤੇ ਬੋਲੇ ਕੈਬਨਿਟ ਮੰਤਰੀ ਗੋਇਲ, ਕਿਹਾ - "ਇਸ ਵਾਰ...."
Punjab
Punjab Vidhan Sabha 'ਚ ਹੜ੍ਹਾਂ 'ਤੇ ਬੋਲੇ ਕੈਬਨਿਟ ਮੰਤਰੀ ਗੋਇਲ, ਕਿਹਾ - "ਇਸ ਵਾਰ...."
ਚੰਡੀਗੜ੍ਹ, 26 ਸਤੰਬਰ, 2025: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹੜ੍ਹਾਂ ਨਾਲ ਹੋਈ ਤਬਾਹੀ 'ਤੇ ਸਰਕਾਰ ਦਾ ਪੱਖ ਪੇਸ਼ ਕਰਦਿਆਂ ਕਈ ਵੱਡੇ ਖੁਲਾਸੇ ਕੀਤੇ। ਉਨ੍ਹਾਂ ਨੇ ਸਦਨ ਵਿੱਚ ਮੰਨਿਆ ਕਿ ਇਸ ਸਾਲ ਦੇ ਹੜ੍ਹਾਂ ਨੇ 1988 ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਅਤੇ ਸਥਿਤੀ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਸੀ। ਮੰਤਰੀ ਨੇ ਇਸ ਤਬਾਹੀ ਲਈ ਅਚਾਨਕ ਹੋਈ ਭਾਰੀ ਬਾਰਿਸ਼ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ।
1988 ਦਾ ਰਿਕਾਰਡ ਟੁੱਟਿਆ, ਹਾਲਾਤ ਹੋਏ ਬੇਕਾਬੂ
ਮੰਤਰੀ ਗੋਇਲ ਨੇ ਦੱਸਿਆ ਕਿ 1988 ਦੇ ਹੜ੍ਹਾਂ ਦੌਰਾਨ 11.20 ਲੱਖ ਕਿਊਸਿਕ ਪਾਣੀ ਆਇਆ ਸੀ, ਜਦਕਿ ਇਸ ਵਾਰ ਇਹ ਅੰਕੜਾ 14.11 ਲੱਖ ਕਿਊਸਿਕ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਦੇ ਅਨੁਮਾਨ ਤੋਂ 717 ਫੀਸਦੀ ਵੱਧ ਬਾਰਿਸ਼ ਹੋਣ ਕਾਰਨ ਹਾਲਾਤ ਵਿਗੜ ਗਏ ਸਨ। ਉਨ੍ਹਾਂ ਨੇ ਸਦਨ ਵਿੱਚ ਕਿਹਾ, "ਸਾਡੀ ਪਹਿਲੀ ਤਰਜੀਹ ਡੈਮਾਂ ਨੂੰ ਟੁੱਟਣ ਤੋਂ ਬਚਾਉਣਾ ਸੀ। ਇਸ ਦੇ ਬਾਵਜੂਦ, ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ।"
ਤਬਾਹੀ ਦੇ ਹੈਰਾਨ ਕਰਨ ਵਾਲੇ ਅੰਕੜੇ
ਮੰਤਰੀ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਵੇਰਵਾ ਸਦਨ ਸਾਹਮਣੇ ਰੱਖਿਆ: 2300 ਤੋਂ ਵੱਧ ਪਿੰਡ ਅਤੇ 20 ਲੱਖ ਲੋਕ ਹੜ੍ਹ ਦੀ ਮਾਰ ਹੇਠ ਆਏ, 5 ਲੱਖ ਏਕੜ ਤੋਂ ਵੱਧ ਫਸਲ ਦਾ ਮੁਕੰਮਲ ਨੁਕਸਾਨ ਹੋਇਆ, ਇਸ ਆਫ਼ਤ ਵਿੱਚ 59 ਲੋਕਾਂ ਦੀ ਜਾਨ ਗਈ ਅਤੇ 7 ਲੱਖ ਲੋਕ ਬੇਘਰ ਹੋ ਗਏ, ਲਗਭਗ 3200 ਸਕੂਲ ਅਤੇ 1400 ਸਿਹਤ ਕੇਂਦਰਾਂ ਨੂੰ ਨੁਕਸਾਨ ਪਹੁੰਚਿਆ।
"BBMB ਦਾ ਕੰਟਰੋਲ ਪੰਜਾਬ ਨੂੰ ਮਿਲੇ"
ਆਪਣੇ ਭਾਸ਼ਣ ਵਿੱਚ ਇੱਕ ਅਹਿਮ ਮੰਗ ਰੱਖਦਿਆਂ, ਮੰਤਰੀ ਗੋਇਲ ਨੇ ਕਿਹਾ ਕਿ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਦਾ ਕੰਟਰੋਲ ਪੰਜਾਬ ਸਰਕਾਰ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੰਕਟ ਦੇ ਸਮੇਂ BBMB ਨੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਨਹੀਂ ਲਏ, ਜਿਸ ਕਾਰਨ ਨੁਕਸਾਨ ਵਧਿਆ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਇਸ ਮੁੱਦੇ 'ਤੇ ਸਿਆਸੀ ਬਹਿਸ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
Cabinet Minister Goyal Spoke On Floods In Punjab Vidhan Sabha Said This Time