Punjab Weather Update- 8 ਜ਼ਿਲ੍ਹਿਆਂ 'ਚ ਸੀਤ ਲਹਿਰ ਦੀ ਚੇਤਾਵਨੀ, ਅਗਲੇ ਦਿਨਾਂ 'ਚ ਹੋਰ ਵਧੇਗੀ ਠੰਢ
Punjab
Punjab Weather Update: 8 ਜ਼ਿਲ੍ਹਿਆਂ 'ਚ ਸੀਤ ਲਹਿਰ ਦੀ ਚੇਤਾਵਨੀ, ਅਗਲੇ ਦਿਨਾਂ 'ਚ ਹੋਰ ਵਧੇਗੀ ਠੰਢ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਜਲੰਧਰ, 10 ਦਸੰਬਰ 2025: ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਧ ਰਹੀ ਠੰਢ ਹੁਣ ਹੋਰ ਤੀਖੀ ਹੋਣ ਵਾਲੀ ਹੈ। ਹਿਮਾਲਿਆਈ ਖੇਤਰਾਂ 'ਚ ਸਰਗਰਮ ਪੱਛਮੀ ਵਿਕਸ਼ੋਭ (Western Disturbance) ਅਤੇ ਉੱਥੋਂ ਵਗ ਰਹੀਆਂ ਬਰਫ਼ੀਲੀਆਂ ਹਵਾਵਾਂ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਸੀਤ ਲਹਿਰ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਇਸਨੂੰ ਧਿਆਨ ਵਿੱਚ ਰੱਖਦਿਆਂ, ਮੌਸਮ ਵਿਭਾਗ ਨੇ ਅੱਜ 8 ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਮੁਤਾਬਕ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਜਲੰਧਰ, ਮੋਗਾ, ਮਾਨਸਾ ਅਤੇ ਫਿਰੋਜ਼ਪੁਰ ਵਿੱਚ ਸੀਤ ਲਹਿਰ ਦੇ ਵਗਣ ਦੀ ਪੂਰੀ ਸੰਭਾਵਨਾ ਹੈ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਖ਼ਾਸ ਕਰਕੇ ਸਵੇਰ ਤੇ ਰਾਤ ਦੇ ਸਮੇਂ ਵਾਹਨ ਚਲਾਉਣ ਦੌਰਾਨ ਵੱਧ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
11 ਦਸੰਬਰ ਨੂੰ ਅਸਮਾਨ ਵਿੱਚ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ, ਹਾਲਾਂਕਿ ਮੌਸਮ ਅੱਜ ਅਤੇ 12 ਤਰੀਖ ਨੂੰ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਸੰਭਾਵਨਾ ਹੈ। ਦਿੱਲੀ–ਅੰਬਾਲਾ–ਅੰਮ੍ਰਿਤਸਰ ਰੂਟਾਂ 'ਤੇ ਵੀ ਮੌਸਮ ਸੁੱਕਾ ਅਤੇ ਖੁਸ਼ਕ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਹੀ ਠੰਢ ਨੂੰ ਲੈ ਕੇ ਹੈਲਥ ਐਡਵਾਈਜ਼ਰੀ ਜਾਰੀ ਕਰ ਚੁੱਕਾ ਹੈ।
ਆਦਮਪੁਰ ਸਭ ਤੋਂ ਠੰਢਾ, ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਰਾ ਲੁੜਕਿਆ
ਸੂਬੇ ਵਿੱਚ ਠੰਢ ਦਾ ਸਭ ਤੋਂ ਵੱਧ ਪ੍ਰਭਾਵ ਆਦਮਪੁਰ 'ਚ ਦੇਖਣ ਨੂੰ ਮਿਲਿਆ, ਜਿੱਥੇ ਮਾਤਰਾ 2.8 ਡਿਗਰੀ ਤਾਪਮਾਨ ਦਰਜ ਹੋਇਆ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 28.3°C ਰਿਹਾ। ਪਟਿਆਲਾ ਨੂੰ ਛੱਡ ਕੇ ਪੰਜਾਬ ਦੇ ਕਰੀਬ ਸਾਰੇ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ 10°C ਤੋਂ ਹੇਠਾਂ ਪਹੁੰਚ ਗਿਆ ਹੈ।
ਰੋਪੜ 'ਚ 3.6°C, ਗੁਰਦਾਸਪੁਰ 'ਚ 3.8°C, ਪਠਾਨਕੋਟ 'ਚ 5.6°C ਅਤੇ ਬਠਿੰਡਾ 'ਚ 5.8°C ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਪਿਛਲੀ ਰਾਤ 0.3°C ਦੀ ਗਿਰਾਵਟ ਨਾਲ ਤਾਪਮਾਨ 8.6°C ਤੱਕ ਡਿੱਗ ਗਿਆ।
ਪ੍ਰਦੂਸ਼ਣ ਨੇ ਮੁਸ਼ਕਿਲ ਵਧਾਈ, ਚੰਡੀਗੜ੍ਹ ਦੀ ਹਵਾ ਸਭ ਤੋਂ ਜ਼ਿਆਦਾ ਖਰਾਬ
ਠੰਢ ਦੇ ਨਾਲ ਹਵਾ ਵਿੱਚ ਫੈਲ ਰਿਹਾ ਪ੍ਰਦੂਸ਼ਣ ਵੀ ਲੋਕਾਂ ਲਈ ਚਿੰਤਾ ਬਣ ਕੇ ਖੜ੍ਹਾ ਹੈ। ਸਵੇਰੇ 6 ਵਜੇ ਚੰਡੀਗੜ੍ਹ ਦੇ ਸੈਕਟਰ-22 ਵਿੱਚ ਏਅਰ ਕੁਆਲਿਟੀ ਇੰਡੈਕਸ (AQI) 212 ਦਰਜ ਹੋਇਆ, ਜੋ ਕਿ 'ਖਰਾਬ' ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਇਸਦੇ ਮੁਕਾਬਲੇ, ਪੰਜਾਬ ਦਾ ਔਸਤ AQI 89 ਰਿਹਾ। ਮੰਡੀ ਗੋਬਿੰਦਗੜ੍ਹ ਵਿੱਚ 207, ਜਲੰਧਰ ਅਤੇ ਖੰਨਾ ਵਿੱਚ 142 ਅਤੇ ਲੁਧਿਆਣਾ ਵਿੱਚ 107 AQI ਦਰਜ ਕੀਤਾ ਗਿਆ।
Punjab Weather Update Cold Wave Warning In 8 Districts Cold Weather Will Increase Further In The Coming Days