Punjab Weather Alert - ਪੰਜਾਬ 'ਚ ਬਦਲਿਆ ਮੌਸਮ; ਹੁਣ ਇਨ੍ਹਾਂ ਤਰੀਕਾਂ ਨੂੰ ਪਵੇਗਾ ਭਾਰੀ ਮੀਂਹ
Punjab
Punjab Weather Alert : ਪੰਜਾਬ 'ਚ ਬਦਲਿਆ ਮੌਸਮ; ਹੁਣ ਇਨ੍ਹਾਂ ਤਰੀਕਾਂ ਨੂੰ ਪਵੇਗਾ ਭਾਰੀ ਮੀਂਹ
Live Punjabi TV Bureau
ਚੰਡੀਗੜ੍ਹ, 17 ਜਨਵਰੀ: ਪੰਜਾਬ ਅਤੇ ਚੰਡੀਗੜ੍ਹ ਵਾਸੀਆਂ ਲਈ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਅਤੇ ਹੱਡ ਚੀਰਵੀਂ ਸੀਤ ਲਹਿਰ ਤੋਂ ਲੋਕਾਂ ਨੂੰ ਆਖਿਰਕਾਰ ਰਾਹਤ ਮਿਲ ਗਈ ਹੈ। ਬਰਫੀਲੀਆਂ ਹਵਾਵਾਂ ਰੁਕ ਗਈਆਂ ਹਨ ਅਤੇ ਅੱਜ ਦਿਨ ਵੇਲੇ ਧੁੱਪ ਨਿਕਲਣ ਦੀ ਪੂਰੀ ਉਮੀਦ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ।
ਤਾਪਮਾਨ 'ਚ ਵਾਧਾ, ਸੀਤ ਲਹਿਰ ਖਤਮ
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ 3.8 ਡਿਗਰੀ ਸੈਲਸੀਅਸ ਦਾ ਵੱਡਾ ਉਛਾਲ ਆਇਆ ਹੈ। ਤਾਪਮਾਨ ਹੁਣ ਆਮ ਦਿਨਾਂ ਦੇ ਨੇੜੇ ਪਹੁੰਚ ਗਿਆ ਹੈ। ਬੀਤੀ ਰਾਤ ਨਵਾਂਸ਼ਹਿਰ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਪਾਰਾ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਦੋਂ ਅਤੇ ਕਿੱਥੇ ਪਵੇਗਾ ਮੀਂਹ?
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਪੱਛਮੀ ਗੜਬੜੀ (Western Disturbance) ਕਾਰਨ ਪੰਜਾਬ ਵਿੱਚ ਮੀਂਹ ਦਾ ਦੌਰ ਸ਼ੁਰੂ ਹੋਣ ਵਾਲਾ ਹੈ:
18 ਅਤੇ 19 ਜਨਵਰੀ: ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
22 ਜਨਵਰੀ: ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੇ ਛਿੱਟੇ ਪੈਣਗੇ।
23 ਅਤੇ 24 ਜਨਵਰੀ: ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਧੁੰਦ ਦਾ 'ਔਰੇਂਜ ਅਲਰਟ' ਜਾਰੀ
ਠੰਢ ਤੋਂ ਭਾਵੇਂ ਰਾਹਤ ਮਿਲ ਗਈ ਹੈ, ਪਰ ਧੁੰਦ ਦਾ ਕਹਿਰ ਅਜੇ ਜਾਰੀ ਰਹੇਗਾ। ਵਿਭਾਗ ਨੇ 21 ਜਨਵਰੀ ਤੱਕ ਸੰਘਣੀ ਧੁੰਦ ਦਾ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਅੱਜ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਕਪੂਰਥਲਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
Punjab Weather Alert Weather Has Changed In Punjab Now There Will Be Heavy Rain On These Dates