Punjab Weather Alert - 16 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ; ਜਾਣੋ ਅਗਲੇ 2 ਦਿਨਾਂ ਦਾ ਹਾਲ
Punjab
Punjab Weather Alert : 16 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ; ਜਾਣੋ ਅਗਲੇ 2 ਦਿਨਾਂ ਦਾ ਹਾਲ
Live Punjabi TV Bureau
ਚੰਡੀਗੜ੍ਹ, 24 ਜਨਵਰੀ 2026: ਪਹਾੜਾਂ 'ਤੇ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਬੇਹੱਦ ਖ਼ਰਾਬ ਹੋ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਅੱਜ ਪਠਾਨਕੋਟ, ਗੁਰਦਾਸਪੁਰ, ਹੋਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।
ਮੀਂਹ ਤੇ ਤੂਫ਼ਾਨ ਨਾਲ ਹੋਇਆ ਭਾਰੀ ਨੁਕਸਾਨ
ਬੀਤੇ ਦਿਨ ਆਏ ਮੀਂਹ ਅਤੇ ਤੇਜ਼ ਹਨੇਰੀ ਨੇ ਪੰਜਾਬ ਤੇ ਚੰਡੀਗੜ੍ਹ ਵਿੱਚ ਭਾਰੀ ਤਬਾਹੀ ਮਚਾਈ ਹੈ। ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਕਈ ਥਾਵਾਂ 'ਤੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ। ਗੁਰਦਾਸਪੁਰ ਵਿੱਚ ਇੱਕ ਪੋਲਟਰੀ ਫਾਰਮ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 8 ਹਜ਼ਾਰ ਤੋਂ ਵੱਧ ਚੂਚਿਆਂ ਦੀ ਮੌਤ ਹੋ ਗਈ। ਚੰਡੀਗੜ੍ਹ ਵਿੱਚ ਵੀ ਇੱਕ ਘਰ ਡਿੱਗਣ ਕਾਰਨ ਤਿੰਨ ਬੱਚੇ ਜ਼ਖਮੀ ਹੋ ਗਏ ਅਤੇ ਕਈ ਥਾਵਾਂ 'ਤੇ ਦਰੱਖਤ ਤੇ ਬਿਜਲੀ ਦੇ ਖੰਭੇ ਗੱਡੀਆਂ ਉੱਤੇ ਜਾ ਡਿੱਗੇ।
ਤਾਪਮਾਨ ਵਿੱਚ ਆਈ ਵੱਡੀ ਗਿਰਾਵਟ
ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 8.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 4.1 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ 8.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਇਸ ਮਹੀਨੇ ਹੁਣ ਤੱਕ ਔਸਤ ਨਾਲੋਂ 18 ਫੀਸਦੀ ਵੱਧ ਮੀਂਹ ਪੈ ਚੁੱਕਾ ਹੈ।
26 ਜਨਵਰੀ ਤੋਂ ਫਿਰ ਵਿਗੜੇਗਾ ਮੌਸਮ
ਮੌਸਮ ਵਿਭਾਗ ਅਨੁਸਾਰ 26 ਜਨਵਰੀ 2026 ਤੋਂ ਉੱਤਰ-ਪੱਛਮੀ ਭਾਰਤ ਵਿੱਚ ਇੱਕ ਹੋਰ ਨਵੀਂ ਪੱਛਮੀ ਗੜਬੜੀ ਦਸਤਕ ਦੇਣ ਵਾਲੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਢ, ਮੀਂਹ ਅਤੇ ਧੁੰਦ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਕਾਰਨ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।
Punjab Weather Alert Fog Alert In 16 Districts Know The Situation For The Next 2 Days