'ਇਕ ਪੰਥ ਇਕ ਸੋਚ' ਦਾ ਸੁਨੇਹਾ ਦਿੰਦਿਆਂ ਸੈਂਟਰਲ ਵੈਲੀ ਕੈਲੇਫੋਰਨੀਆਂ ਦੇ ਗੁਰੂਘਰਾਂ ਨੇ ਕਰਵਾਇਆ ਕੀਰਤਨ ਦਰਬਾਰ
Admin / Religious
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ) : ਕੈਲੇਫੋਰਨੀਆਂ ਦੀ ਸੈਂਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਮੁੱਚੇ ਸਿੱਖਾਂ ਦੀ ਏਕਤਾ ਦੇ ਮਿਸ਼ਨ 'ਇਕ ਪੰਥ ਇਕ ਸੋਚ' ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ।
ਇਸ ਸਮੇਂ ਆਤਮਰਸ ਕੀਰਤਨ ਦਰਬਾਰ ਵਿਚ ਗੁਰੂ ਘਰਾਂ ਦੇ ਰਾਗੀ ਢਾਡੀ ਵੀਰਾਂ ਅਤੇ ਸੰਗਤਾਂ ਨੇ ਇਕ ਥਾਂ ਇਕੱਤਰ ਹੋ ਕੇ ਆਪ ਸਿੱਖ ਏਕਤਾ 'ਤੇ ਪਹਿਰਾ ਦਿੰਦੇ ਹੋਏ ਸੰਸਾਰ ਭਰ ਦੇ ਸਿੱਖਾਂ ਨੂੰ ਵੀ ਏਕਤਾ ਦੀ ਅਪੀਲ ਵੀ ਕੀਤੀ। ਇਸ ਦੌਰਾਨ ਗੁਰਦੁਆਰਾ ਨਾਨਕਸਰ, ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਗੁਰੂ ਰਵਿਦਾਸ ਸਭਾ ਫਰਿਜ਼ਨੋ, ਸੈਲਮਾ ਦੇ ਗੁਰਦੁਆਰਾ ਕਲਗੀਧਰ, ਗੁਰਦੁਆਰਾ ਸਿੱਖ ਸੈਂਟਰ ਆਫ ਪੈਸ਼ੀਫਿਕ ਕੌਸ਼ਟ ਹਾਈਲੈਂਡ ਐਵੇਨਿਊ, ਗੁਰਦੁਆਰਾ ਕਰੰਦਰਜ਼, ਮੰਡੇਰਾ, ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ, ਗੁਰੂਨਾਨਕ ਸਿੱਖ ਟੈਂਪਲ ਸਨਵਾਕੀਨ, ਗੁਰੂਘਰ ਟੁਲੈਰੀ ਅਤੇ ਹੋਰ ਸਥਾਨਕ ਗੁਰੂਘਰਾਂ ਨੇ ਜੱਥੇ ਭੇਜ ਕੇ ਜਿੱਥੇ ਆਪਣੇ ਏਕਤਾ ਦਾ ਸਬੂਤ ਦਿੱਤਾ ਉੱਥੇ ਸੰਗਤਾਂ ਨੇ ਵੀ ਭਰਪੂਰ ਹਾਜ਼ਰੀ ਭਰਦੇ ਹੋਏ ਗੁਰਬਾਣੀ ਕੀਰਤਨ ਅਤੇ ਗੁਰੂ ਜਸ ਸਰਵਣ ਕੀਤਾ। ਇਸ ਸਮੇਂ ਇਲਾਕੇ ਦੇ ਸਥਾਨਕ ਪੰਜਾਬੀ ਮੀਡੀਆਂ ਨੇ ਵੀ ਹਾਜ਼ਰੀ ਭਰੀ। ਇਸ ਸਮੇਂ ਸਭ ਦੀ ਇਕੋਂ ਵਿਚਾਰਧਾਰਾ ਸੀ ਕਿ ਅੱਜ ਪੂਰੇ ਸੰਸਾਰ ਦੇ ਸਿੱਖਾਂ ਨੂੰ ਸਰਬੱਤ ਦੇ ਭਲੇ ਲਈ ਇਕ ਹੋਣ ਦੀ ਸਖਤ ਲੋੜ ਹੈ।ਸਥਾਨਕ ਨਿਊਜ਼ ਚੈਨਲ 'ਸਰਬੱਤ ਦਾ ਭਲਾ' ਅਤੇ 'ਸਿੰਘ ਪ੍ਰੋਡਕਸ਼ਨ ਯੂਐੱਸਏ' ਨੇ ਇਸ ਅਦੁੱਤੀ ਗੁਰਬਾਣੀ ਕੀਰਤਨ ਦਾ ਦੂਰ-ਦੁਰਾਡੇ ਦੀਆਂ ਸੰਗਤਾਂ ਲਈ ਲਾਈਵ ਪ੍ਰਸਾਰਣ ਕੀਤਾ।
ਸਿੱਖ ਏਕਤਾ ਦੇ ਮਾਮਲੇ ਵਿਚ ਆਮ ਸੰਗਤਾਂ ਦਾ ਇਹ ਕਹਿਣਾ ਹੈ ਕਿ ਇਲਾਕੇ ਵਿਚ ਤੀਜੀ ਵਾਰ ਸਭ ਵੱਖ ਵੱਖ ਵਿਚਾਰਧਾਰਾ ਨਾਲ ਸਬੰਧਿਤ ਗੁਰੂ ਘਰਾਂ ਦੇ ਜਥਿਆਂ, ਪ੍ਰਬੰਧਕਾਂ, ਪਤਵੰਤੇ ਸੱਜਣਾਂ, ਮੀਡੀਆ ਵੱਲੋਂ ਇਕੋ ਜਗ੍ਹਾ ਬੈਠ ਕੇ ਪੂਰੇ ਸਿੱਖਾਂ ਦੇ ਏਕਤਾ ਲਈ ਅਰਦਾਸ ਬੇਨਤੀ ਕਰਨੀ ਆਪਣੇ ਆਪ ਵਿਚ ਇਕ ਇਤਿਹਾਸਿਕ ਘਟਨਾ ਹੈ।
ਵਰਨਣਯੋਗ ਹੈ ਕਿ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਵੱਲੋਂ 'ਇਕ ਪੰਥ ਇਕ ਸੋਚ' ਬਾਰੇ ਪਿਛਲੇ ਦਿਨੀਂ ਭਰੇ ਦਰਬਾਰ ਵਿਚ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ। ਇਸੇ ਸਦਕਾ ਸੰਗਤਾਂ ਵੱਲੋਂ ਏਕਤਾ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਭਾਰੀ ਉਤਸ਼ਾਹ ਮਿਲਿਆ। ਇਸ ਮਿਸ਼ਨ ਸਬੰਧੀ ਜੇਕਰ ਸਾਡੇ ਆਗੂ ਵੀ ਧਿਆਨ ਦੇਣ ਤਾਂ ਆਉਣ ਵਾਲੇ ਸਮੇਂ ਵਿਚ ਇਕ ਨਵਾਂ ਇਤਿਹਾਸ ਰਚਿਆ ਜਾ ਸਕਦਾ ਹੈ।
ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਮਨਜ਼ੂਰ ਕਰਦੇ ਹੋਏ ਹੁਣ ਸਿੱਖ ਏਕਤਾ ਦੀ ਇਹ ਜ਼ਿੰਮੇਵਾਰੀ ਪੰਥ ਦੇ ਵੱਡੇ ਪ੍ਰਚਾਰਕਾਂ, ਆਗੂਆਂ ਅਤੇ ਵਿਸ਼ੇਸ ਕਰਕੇ ਪੰਥ ਦੇ ਜਥੇਦਾਰਾਂ ਨੂੰ ਬਿਨਾਂ ਦੇਰ ਲਗਾਏ ਚੁੱਕਣੀ ਚਾਹੀਦੀ ਹੈ। ਇਸ ਪ੍ਰੋਗਰਾਮ ਦਾ ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਇਆ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕਾਂ ਵਿਚੋਂ ਭਾਈ ਪਰਮਪਾਲ ਸਿੰਘ ਨੇ ਬੋਲਦੇ ਹੋਏ ਇਸ ਸਹਿਯੋਗ ਲਈ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਦਾ ਲੰਗਰ ਅਤੁੱਟ ਵਰਤਿਆ।
Giving The Message Of One Panth One Thought Gurughars Of Central Valley Californians Organized Kirtan Darbar