Israel Attack Gaza- ਇਜ਼ਰਾਈਲ ਨੇ ਗਾਜ਼ਾ 'ਤੇ ਟੈਂਕਾਂ ਤੇ ਡਰੋਨਾਂ ਨਾਲ ਕੀਤਾ ਹਮਲਾ, 17 ਲੋਕ ਹਲਾਕ
Admin / International
ਇੰਟਰਨੈਸ਼ਨਲ ਡੈਸਕ : ਗਾਜ਼ਾ ਵਿਚ ਬੁੱਧਵਾਰ ਨੂੰ ਇਜ਼ਰਾਇਲੀ ਟੈਂਕ ਅਤੇ ਡਰੋਨ ਹਮਲਿਆਂ ਵਿਚ ਘੱਟ ਤੋਂ ਘੱਟ 17 ਲੋਕ ਮਾਰੇ ਗਏ। ਹਸਪਤਾਲ ਦੇ ਇਕ ਕਰਮਚਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲੇ ਮੱਧ ਗਾਜ਼ਾ ਦੇ ਦੀਰ ਅਲ-ਬਲਾਹ ਅਤੇ ਦੱਖਣ ਵਿਚ ਖਾਨ ਯੂਨਿਸ ਵਿਚ ਹੋਏ।
ਹਸਪਤਾਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਅਲ-ਬਲਾਹ ਅਤੇ ਖਾਨ ਯੂਨਿਸ ਵਿਚ ਇਜ਼ਰਾਇਲੀ ਹਮਲਿਆਂ ਵਿਚ 17 ਲੋਕ ਮਾਰੇ ਗਏ ਸਨ। ਇਸ ਦੌਰਾਨ, ਲੇਬਨਾਨ ਦੇ ਹਿਜ਼ਬੁੱਲਾ ਨੇ ਬੁੱਧਵਾਰ ਨੂੰ 50 ਤੋਂ ਵੱਧ ਰਾਕੇਟ ਦਾਗੇ, ਜਿਸ ਨਾਲ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ।
ਹਿਜ਼ਬੁੱਲਾ ਨੇ ਕਿਹਾ ਕਿ ਇਹ ਹਮਲੇ ਮੰਗਲਵਾਰ ਰਾਤ ਲੇਬਨਾਨ 'ਤੇ ਇਜ਼ਰਾਈਲ ਦੇ ਹਮਲੇ ਦੇ ਜਵਾਬ 'ਚ ਕੀਤੇ ਗਏ ਹਨ। ਇਹ ਹਮਲੇ ਅਜਿਹੇ ਸਮੇਂ ਵਿਚ ਹੋਏ ਜਦੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪੱਛਮੀ ਏਸ਼ੀਆ ਦੀ ਆਪਣੀ ਯਾਤਰਾ ਦੌਰਾਨ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਕਰਨ ਦੇ ਇੱਕ ਕੂਟਨੀਤਕ ਮਿਸ਼ਨ ਤਹਿਤ ਮਿਸਰ ਅਤੇ ਕਤਰ ਵਿਚ ਆਪਣੇ ਸਾਥੀ ਵਿਚੋਲਿਆਂ ਨਾਲ ਮੁਲਾਕਾਤ ਕੀਤੀ ਸੀ।
ਹਾਲ ਹੀ ਵਿੱਚ ਇਰਾਨ ਅਤੇ ਲੇਬਨਾਨ ਵਿੱਚ ਹਮਾਸ ਅਤੇ ਹਿਜ਼ਬੁੱਲਾ ਦੇ ਦੋ ਚੋਟੀ ਦੇ ਕਮਾਂਡਰਾਂ ਨੂੰ ਨਿਸ਼ਾਨਾ ਬਣਾ ਕੇ ਸਮਝੌਤੇ ਦੀ ਲੋੜ ਹੋਰ ਵਧ ਗਈ ਹੈ। ਦੋਵਾਂ ਕਮਾਂਡਰਾਂ ਦੀ ਹੱਤਿਆ ਪਿੱਛੇ ਇਜ਼ਰਾਈਲ ਦਾ ਹੱਥ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਈਰਾਨ ਅਤੇ ਹਿਜ਼ਬੁੱਲਾ ਨੇ ਦੋਵਾਂ ਕਮਾਂਡਰਾਂ ਦੀ ਮੌਤ ਦਾ ਬਦਲਾ ਲੈਣ ਦਾ ਸੰਕਲਪ ਲਿਆ ਹੈ। ਇਸ ਦੌਰਾਨ ਇਕ ਮਹੱਤਵਪੂਰਨ ਵਿਚੋਲੇ ਦੇਸ਼ ਮਿਸਰ ਨੇ ਬੁੱਧਵਾਰ ਨੂੰ ਸਮਝੌਤੇ 'ਤੇ ਸ਼ੱਕ ਪ੍ਰਗਟਾਇਆ।
ਮਿਸਰ ਵਿੱਚ ਅਧਿਕਾਰੀਆਂ ਨੇ ਐਸੋਸੀਏਟਿਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਹਮਾਸ ਕੱਟੜਪੰਥੀ ਸਮੂਹ ਕਈ ਕਾਰਨਾਂ ਕਰਕੇ ਸੌਦੇ ਦੇ ਪ੍ਰਸਤਾਵ ਲਈ ਸਹਿਮਤ ਨਹੀਂ ਹੋਵੇਗਾ, ਅਤੇ ਇਸ ਬਾਰੇ ਲੰਬੇ ਸਮੇਂ ਤੋਂ ਸ਼ੰਕੇ ਹਨ ਕਿ ਕੀ ਇਸਰਾਈਲੀ ਬਲ ਅਸਲ ਵਿੱਚ ਸੌਦੇ ਤੋਂ ਬਾਅਦ ਗਾਜ਼ਾ ਤੋਂ ਹਟ ਜਾਣਗੇ ਅਤੇ ਜੰਗ ਖਤਮ ਹੋ ਜਾਵੇਗੀ।
Israel Attack Gaza Israel Attacked Gaza With Tanks And Drones 17 People Were Killed