Hamida Bano- 22 ਸਾਲ ਪਹਿਲਾਂ ਏਜੰਟ ਦੇ ਧੋਖੇ ਕਾਰਨ ਇਹ ਔਰਤ ਪਹੁੰਚ ਗਈ ਸੀ Pakistan, ਇਕ ਬੱਚੇ ਦੀ ਵਜ੍ਹਾ ਨਾਲ ਹੋਈ ਘਰ ਵਾਪਸੀ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਕਰੀਬ 22 ਸਾਲ ਬਾਅਦ ਮੁੰਬਈ ਦੀ ਹਮੀਦਾ ਬਾਨੋ ਵਤਨ ਪਰਤੀ ਹੈ। ਮੁੰਬਈ ਦੇ ਕੁਰਲਾ ਦੀ ਰਹਿਣ ਵਾਲੀ 70 ਸਾਲਾ ਹਮੀਦਾ ਬਾਨੋ ਪਾਕਿਸਤਾਨ ਵਿਚ ਫਸੀ ਹੋਈ ਸੀ। ਉਸਨੇ ਭਾਰਤ ਪਰਤਣ ਦੀ ਉਮੀਦ ਕਦੇ ਨਹੀਂ ਛੱਡੀ ਸੀ।
ਹਮੀਦਾ ਬਾਨੋ ਸੋਮਵਾਰ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚੀ। ਜਦੋਂ ਉਹ ਭਾਰਤ ਵਿਚ ਦਾਖਲ ਹੋਈ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਜਦੋਂ ਹਮੀਦਾ ਅਟਾਰੀ ਸਰਹੱਦ ਪਹੁੰਚੀ ਤਾਂ ਲੋਕਧਾਰਾ ਖੋਜ ਅਕੈਡਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਨੇ ਉਸ ਨੂੰ ਰਿਸੀਵ ਕੀਤਾ।
ਦੁਬਈ 'ਚ ਨੌਕਰੀ ਦੇ ਨਾਂ 'ਤੇ ਭੇਜਿਆ ਸੀ ਪਾਕਿਸਤਾਨ
ਸਾਲ 2002 ਵਿਚ ਮੁੰਬਈ ਦੇ ਇਕ ਏਜੰਟ ਨੇ ਹਮੀਦਾ ਬਾਨੋ ਨੂੰ ਦੁਬਈ ਵਿਚ ਕੁੱਕ ਵਜੋਂ ਨੌਕਰੀ ਦਿਵਾਉਣ ਲਈ ਗੱਲ ਕੀਤੀ ਸੀ ਪਰ ਏਜੰਟ ਨੇ ਉਸ ਨੂੰ ਦੁਬਈ ਦੀ ਬਜਾਏ ਪਾਕਿਸਤਾਨ ਭੇਜ ਦਿੱਤਾ। ਹਮੀਦਾ ਬਾਨੋ ਨੂੰ ਜਦੋਂ ਪਤਾ ਲੱਗਾ ਕਿ ਉਹ ਪਾਕਿਸਤਾਨ ਆ ਗਈ ਹੈ ਤਾਂ ਉਹ ਘਬਰਾ ਗਈ। ਡਰ ਕਾਰਨ ਉਸ ਨੇ ਨਾ ਤਾਂ ਪਾਕਿਸਤਾਨ ਪੁਲਿਸ ਨੂੰ ਕੁਝ ਦੱਸਿਆ ਅਤੇ ਨਾ ਹੀ ਕਿਸੇ ਤੋਂ ਮਦਦ ਮੰਗੀ।
ਮੁੰਬਈ ਵਿਚ ਰਹਿਣ ਵਾਲੀ ਹਮੀਦਾ ਬਾਨੋ ਦੇ ਪਰਿਵਾਰਕ ਮੈਂਬਰ ਵੀ ਇਸ ਗੱਲੋਂ ਚਿੰਤਤ ਸਨ ਕਿ ਹਮੀਦਾ ਬਾਨੋ ਕਿੱਥੇ ਗਈ ਹੈ। ਹਮੀਦਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਹੈਦਰਾਬਾਦ 'ਚ ਰਹਿ ਕੇ ਸੜਕ 'ਤੇ ਟਾਫੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਸੀ। ਉਸਦਾ ਕਰਾਚੀ ਵਿਚ ਇਕ ਵਿਅਕਤੀ ਨਾਲ ਸੰਪਰਕ ਹੋਇਆ। ਉਸਨੇ ਹਮੀਦਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਵਿਆਹ ਤੋਂ ਬਾਅਦ ਹਮੀਦਾ ਉਸ ਦੇ ਨਾਲ ਰਹਿਣ ਲੱਗੀ, ਪਰ ਕੋਰੋਨਾ ਦੇ ਦੌਰ ਦੌਰਾਨ ਉਸ ਦੇ ਪਤੀ ਦੀ ਮੌਤ ਹੋ ਗਈ।
ਬੱਚਿਆਂ ਨੂੰ ਇੰਟਰਨੈੱਟ ਰਾਹੀਂ ਪਤਾ ਲੱਗਾ ਕਿ ਮਾਂ ਪਾਕਿਸਤਾਨ 'ਚ ਹੈ
ਹਮੀਦਾ ਨੇ ਦੱਸਿਆ ਕਿ 2022 'ਚ ਉਸ ਦੇ ਬੱਚਿਆਂ ਨੂੰ ਇੰਟਰਨੈੱਟ ਰਾਹੀਂ ਪਤਾ ਲੱਗਾ ਕਿ ਮੈਂ ਪਾਕਿਸਤਾਨ 'ਚ ਹਾਂ। ਹਮੀਦਾ ਬਾਨੋ ਮਦਰੱਸੇ ਦੇ ਬਾਹਰ ਬੈਠ ਕੇ ਟਾਫੀਆਂ ਵੇਚਿਆ ਕਰਦੀ ਸੀ। ਉੱਥੇ ਇੱਕ ਬੱਚਾ ਉਸ ਤੋਂ ਟਾਫੀ ਲੈਣ ਆਉਂਦਾ ਸੀ। ਇਹ ਬੱਚਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਚੈਨਲ ਨਾਲ ਜੁੜ ਗਿਆ। ਉਸ ਨੇ ਆਪਣੇ ਚੈਨਲ 'ਤੇ ਹਮੀਦਾ ਦੀ ਇੰਟਰਵਿਊ ਕੀਤੀ, ਜੋ ਵਾਇਰਲ ਹੋ ਗਈ।
ਮੁੰਬਈ 'ਚ ਰਹਿਣ ਵਾਲੀਆਂ ਹਮੀਦਾ ਦੀਆਂ ਬੇਟੀਆਂ ਯਾਸਮੀਨ ਅਤੇ ਪ੍ਰਵੀਨ ਨੇ ਵੀ ਇਹ ਵੀਡੀਓ ਦੇਖਿਆ। ਇਹ ਵੀਡੀਓ ਪਾਕਿਸਤਾਨ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਆਇਆ ਸੀ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਹਮੀਦਾ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਦੇ ਨਾਲ ਹੀ ਇਹ ਖਬਰ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਵੀ ਚੱਲੀ ਅਤੇ ਹਮੀਦਾ ਨੂੰ ਪਾਕਿਸਤਾਨ ਤੋਂ ਭਾਰਤ ਭੇਜ ਦਿੱਤਾ ਗਿਆ।
22 Years Ago This Woman Reached Pakistan Due To The Deception Of An Agent Returned Home Due To A Child