ਟੈਕਸਸ ਵਿੱਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ, 19 ਸਾਲਾ ਪੁੱਤਰ ਗ੍ਰਿਫ਼ਤਾਰ
ਟੈਕਸਸ ਵਿੱਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ, 19 ਸਾਲਾ ਪੁੱਤਰ ਗ੍ਰਿਫ਼ਤਾਰ
ਐਲਟੋਨ ਟੈਕਸਸ (ਲਾਈਵ ਪੰਜਾਬੀ)18 ਜੂਨ – ਅਮਰੀਕਾ ਦੇ ਟੈਕਸਸ ਸੂਬੇ ਦੇ ਐਲਟੋਨ ਸ਼ਹਿਰ ਵਿੱਚ ਇੱਕ ਦਰਦਨਾਕ ਘਟਨਾ ਦੌਰਾਨ ਪੰਜਾਬੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਪਰਿਵਾਰ ਦੇ 19 ਸਾਲਾ ਪੁੱਤਰ ਗੌਰਵ ਚੋਪੜਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਤਿੰਨ ਕਤਲਾਂ ਅਤੇ ਇੱਕ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।
ਹਿਡਾਲਗੋ ਕਾਊਂਟੀ ਸ਼ੈਰਿਫ਼ ਦਫ਼ਤਰ ਅਨੁਸਾਰ ਮ੍ਰਿਤਕਾਂ ਦੀ ਪਛਾਣ 56 ਸਾਲਾ ਸਵੀਟਾ ਰਾਮ, 46 ਸਾਲਾ ਕਮਲੇਸ਼ ਰਾਣੀ ਅਤੇ 73 ਸਾਲਾ ਮਿੰਦਰ ਕੌਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਪਰਿਵਾਰ ਪੰਜਾਬ ਦੇ ਬੰਗਾ ਨੇੜਲੇ ਪਿੰਡ ਲੱਖਪੁਰ ਨਾਲ ਸਬੰਧਤ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮਾਂ ਅਤੇ ਨਾਨੀ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ, ਜਦਕਿ ਪਿਤਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਜਾਂਚਕਰਤਿਆਂ ਅਨੁਸਾਰ ਘਟਨਾ ਵੇਲੇ ਘਰ ਵਿੱਚ ਮੌਜੂਦ 21 ਸਾਲਾ ਵੱਡੇ ਭਰਾ ਨੇ ਦੱਸਿਆ ਕਿ ਉਸ ਨੇ ਘਰ ਅੰਦਰ ਦਾਖ਼ਲ ਹੋਣ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ। ਇਸ ਤੋਂ ਬਾਅਦ ਉਸਦੇ ਛੋਟੇ ਭਰਾ ਗੌਰਵ ਚੋਪੜਾ ਨੇ ਉਸ ਵੱਲ ਵੀ ਗੋਲੀ ਚਲਾਈ, ਜੋ ਨਿਸ਼ਾਨੇ ਤੋਂ ਖੁੰਝ ਗਈ। ਵੱਡਾ ਭਰਾ ਕਿਸੇ ਤਰ੍ਹਾਂ ਬਚ ਨਿਕਲਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਮੁਤਾਬਕ ਦੋਸ਼ੀ ਇੱਕ ਚਿੱਟੀ ਲੈਕਸਸ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਿਆ ਸੀ, ਪਰ ਅਧਿਕਾਰੀਆਂ ਨੇ ਥੋੜ੍ਹੀ ਦੂਰ ਪਿੱਛਾ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸਦੀ ਗੱਡੀ ਵਿੱਚੋਂ ਘਟਨਾ ਵਿੱਚ ਵਰਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਹੈ।
ਹਿਡਾਲਗੋ ਕਾਊਂਟੀ ਦੇ ਸ਼ੈਰਿਫ਼ ਐਡੀ ਗੁਏਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਤਲ ਦੇ ਸੰਭਾਵਿਤ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਜੇ ਤੱਕ ਅਧਿਕਾਰੀਆਂ ਵੱਲੋਂ ਕਿਸੇ ਸਪੱਸ਼ਟ ਮਨਸ਼ੇ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਇਸ ਦੁਖਦਾਈ ਘਟਨਾ ਨੇ ਸਥਾਨਕ ਪੰਜਾਬੀ ਭਾਈਚਾਰੇ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ। ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਅਤੇ ਇੱਕ ਨੌਜਵਾਨ ਦੇ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ ਹੋਣ ਕਾਰਨ ਪਰਿਵਾਰ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
Arrested accused gaurav chopra 19 in america