Lunar eclipse today- ਅੱਜ ਲੱਗ ਰਿਹਾ ਚੰਦਰਮਾ ਗ੍ਰਹਿਣ, ਜਾਣੋ ਕਦੋਂ ਤੇ ਕਿਥੇ ਦਿਖਾਈ ਦੇਵੇਗਾ
LPTV / Chandigarh
ਲਾਈਵ ਪੰਜਾਬੀ ਟੀਵੀ : ਅੱਜ ਚੰਦਰਮਾ ਗ੍ਰਹਿਣ ਲੱਗ ਰਿਹਾ ਹੈ। ਇਸ ਮਗਰੋਂ ਅਗਲਾ ਚੰਦਰਮਾ ਗ੍ਰਹਿਣ ਮਾਰਚ 2025 'ਚ ਲੱਗੇਗਾ। ਅੱਜ ਲੱਗਣ ਵਾਲਾ ਚੰਦਰਮਾ ਗ੍ਰਹਿਣ ਭਾਰਤ 'ਚ ਵੀ ਦਿਖਾਈ ਦੇਵੇਗਾ। ਭਾਰਤੀ ਵਿਗਿਆਨੀਆਂ ਅਨੁਸਾਰ ਭਾਰਤੀ ਸਮੇਂ ਅਨੁਸਾਰ ਦੁਪਹਿਰ 2.39 ਵਜੇ ਸ਼ੁਰੂ ਹੋਵੇਗਾ ਤੇ ਪੂਰਨ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਦੁਪਹਿਰ 3.46 ਵਜੇ ਸ਼ੁਰੂ ਹੋਵੇਗਾ। ਸ਼ਾਮ 5.12 ਵਜੇ ਪੂਰਨ ਚੰਦਰਮਾ ਗ੍ਰਹਿਣ ਖ਼ਤਮ ਹੋਵੇਗਾ ਤੇ ਗ੍ਰਹਿਣ ਦਾ ਅੰਸ਼ਕ ਪੜਾਅ ਸ਼ਾਮ 6.19 ਵਜੇ ਸਮਾਪਤ ਹੋ ਜਾਵੇਗਾ।
ਭਾਰਤ ਸਰਕਾਰ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਅਨੁਸਾਰ ਕੋਲਕਾਤਾ ਤੇ ਗੁਹਾਟੀ ਸਮੇਤ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਸੰਪੂਰਨ ਚੰਦਰਮਾ ਗ੍ਰਹਿਣ ਦਿਖਾਈ ਦੇਵੇਗਾ ਪਰ ਦਿੱਲੀ, ਮੁੰਬਈ, ਚੇਨਈ ਤੇ ਬੈਂਗਲੁਰੂ ਵਰਗੇ ਹੋਰ ਸ਼ਹਿਰਾਂ ਤੱਕ ਸੰਪੂਰਨ ਚੰਦਰਮਾ ਗ੍ਰਹਿਣ ਖਤਮ ਹੋ ਜਾਵੇਗਾ ਹਾਲਾਂਕਿ ਅੰਸ਼ਕ ਗ੍ਰਹਿਣ ਜ਼ਿਆਦਾਤਰ ਭਾਰਤ ਵਿੱਚ ਦਿਖਾਈ ਦੇਵੇਗਾ। ਭਾਰਤ ਦੇ ਉੱਤਰ-ਪੂਰਬੀ ਰਾਜਾਂ ਵਿੱਚ ਪੂਰਨ ਚੰਦਰ ਗ੍ਰਹਿਣ ਲੱਗੇਗਾ। ਇਸ ਤੋਂ ਇਲਾਵਾ ਆਸਟ੍ਰੇਲੀਆ, ਅਮਰੀਕਾ, ਏਸ਼ੀਆ ਵਿਚ ਵੀ ਚੰਦਰ ਗ੍ਰਹਿਣ ਦਿਖਾਈ ਦੇਵੇਗਾ। 15 ਦਿਨਾਂ ਦੇ ਅੰਤਰਾਲ 'ਤੇ ਇਹ ਦੂਜਾ ਗ੍ਰਹਿਣ ਹੋਵੇਗਾ, ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਾ ਸੀ।
ਸੰਪੂਰਨ ਤੇ ਅੰਸ਼ਕ ਚੰਦਰਮਾ ਗ੍ਰਹਿਣ
ਚੰਦਰਮਾ ਗ੍ਰਹਿਣ ਦੋ ਤਰ੍ਹਾਂ ਦੇ ਹੁੰਦੇ ਹਨ-ਸੰਪੂਰਨ ਤੇ ਅੰਸ਼ਕ। ਅੰਸ਼ਕ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਦਾ ਇਕ ਹਿੱਸਾ ਧਰਤੀ ਦੇ ਪਰਛਾਵੇਂ 'ਚ ਦਾਖ਼ਲ ਹੁੰਦਾ ਹੈ। ਅੰਸ਼ਕ ਗ੍ਰਹਿਣ ਦੌਰਾਨ ਧਰਤੀ ਦਾ ਪਰਛਾਵਾਂ ਆਮ ਤੌਰ ਉਤੇ ਚੰਦਰ ਦੇ ਪਾਸੇ ਬਹੁਤ ਹਨੇਰਾ ਦਿਖਾਈ ਦਿੰਦਾ ਹੈ ਪਰ ਧਰਤੀ ਤੋਂ ਲੋਕ ਜੋ ਦੇਖਦੇ ਹਨ ਉਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸੂਰਜ, ਧਰਤੀ ਤੇ ਚੰਦਰਮਾ ਕਿਵੇਂ ਇਕਸਾਰ ਹੁੰਦੇ ਹਨ।
ਦੂਜੇ ਪਾਸੇ ਸੰਪੂਰਨ ਚੰਦਰਮਾ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ ਤੇ ਚੰਦਰਮਾ ਸਾਡੇ ਗ੍ਰਹਿ ਦੇ ਬਿਲਕੁਲ ਉਲਟ ਪਾਸੇ ਹੁੰਦੇ ਹਨ ਪਰ ਭਾਵੇਂ ਚੰਦਰਮਾ ਧਰਤੀ ਦੇ ਪਰਛਾਵੇਂ 'ਚ ਹੈ ਫਿਰ ਵੀ ਕੁਝ ਸੂਰਜ ਦੀ ਰੌਸ਼ਨੀ ਚੰਦਰਮਾ ਤੱਕ ਪੁੱਜਦੀ ਹੈ, ਜਿਸ ਨਾਲ ਇਹ ਲਾਲ ਦਿਖਾਈ ਦਿੰਦਾ ਹੈ। ਸੰਪੂਰਨ ਚੰਦਰਮਾ ਗ੍ਰਹਿਣ ਦੌਰਾਨ ਚੰਦ ਇਸੇ ਕਾਰਨ ਲਾਲ ਦਿਖਾਈ ਦਿੰਦਾ ਹੈ।
Lunar eclipse today Know when and where the lunar eclipse will appear today