ਬਰੈਂਪਟਨ ਦੇ ਵੀਜ਼ਾ ਦਫ਼ਤਰ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ, ਕਾਰਾਂ ਵਿਚ ਸੌਂ ਕੇ ਰਾਤਾਂ ਗੁਜ਼ਾਰ ਰਹੇ ਲੋਕ, ਜਾਣੋ ਕੀ ਹੈ ਮਾਮਲਾ
LPTV / Chandigarh
ਵਿਦੇਸ਼ ਡੈਸਕ: ਬਰੈਂਪਟਨ ਦੇ ਬੀਐੱਲਐੱਸ ਦਫ਼ਤਰ ਦੇ ਬਾਹਰ ਅੱਜ-ਕੱਲ੍ਹ ਲੰਬੀਆਂ ਕਤਾਰਾਂ ਨਜ਼ਰੀਂ ਪੈ ਰਹੀਆਂ ਹਨ। ਭਾਰਤ ਵਿਚ ਜਨਮੇ ਕੈਨੇਡੀਅਨਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ Overseas Citizenship of India ਕਾਰਡ ਬਣਵਾਉਣ ਲਈ ਕਤਾਰਾਂ ਵਿਚ ਲੱਗੇ ਹੋਏ ਹਨ। ਇਹ ਕਤਾਰਾਂ ਨਾ ਸਿਰਫ਼ ਦਿਨ ਵੇਲੇ ਹਨ, ਸਗੋਂ ਰਾਤਾਂ ਨੂੰ ਵੀ ਨਜ਼ਰ ਆ ਰਹੀਆਂ ਹਨ। ਸਵੇਰ ਨੂੰ ਸਮੇਂ ਸਿਰ ਆਪਣੀ ਵਾਰੀ ਆਉਣ ਦੇ ਚੱਕਰ ਵਿਚ ਲੋਕ ਦਫ਼ਤਰ ਦੇ ਬਾਹਰ ਕਈ ਕਈ ਘੰਟੇ ਕਤਾਰਾਂ ਵਿਚ ਖੜਕੇ, ਕੁਰਸੀਆਂ ‘ਤੇ ਬੈਠ ਕੇ ਜਾਂ ਆਪਣੀਆਂ ਕਾਰਾਂ ਵਿਚ ਸੌਂ ਕੇ ਰਾਤਾਂ ਗੁਜ਼ਾਰ ਰਹੇ ਹਨ। ਭਾਰਤ ਅਤੇ ਕੈਨੇਡਾ ਦਰਮਿਆਨ ਚਲ ਰਹੇ ਕੂਟਨੀਤਕ ਤਣਾਅ ਦੌਰਾਨ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਪਰ ਇਸ ਮੁਅੱਤਲੀ ਦੌਰਾਨ OCI ਕਾਰਡ ਬਣਵਾਉਣ ਦੀ ਸੇਵਾ ਮੁਅੱਤਲ ਨਹੀਂ ਹੋਈ ਹੈ ਅਤੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਕੋਲ ਭਾਰਤ ਯਾਤਰਾ ਲਈ ਇਹੋ ਰਾਹ ਉਪਲਬਧ ਹੈ। OCI ਕਾਰਡ, ਧਾਰਕ ਨੂੰ ਭਾਰਤ ਯਾਤਰਾ ਦਾ ਅਧਿਕਾਰ ਦਿੰਦਾ ਹੈ ਅਤੇ ਧਾਰਕ ਆਪਣੇ ਜੀਵਨ ਕਾਲ ਵਿਚ ਜਿੰਨੀ ਮਰਜ਼ੀ ਵਾਰੀ ਅਤੇ ਜਦੋਂ ਤੱਕ ਮਰਜ਼ੀ ਭਾਰਤ ਵਿਚ ਰਹਿ ਸਕਦਾ ਹੈ।
Long queues outside Brampton visa office people spending nights sleeping in cars know what is the matter