ਹਥਿਆਰ ਦਿਖਾ ਕੇ ਧਮਕੀਆਂ ਤੇ ਭੜਕਾਊ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ Action, 9800 ਲੋਕਾਂ ਦੇ ਲਾਇਸੈਂਸ ਸਸਪੈਂਡ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਧਮਕਾਉਣ, ਭੜਕਾਊ ਭਾਸ਼ਣ ਦੇਣ ਅਤੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਫੋਟੋਆਂ ਪੋਸਟ ਕਰਨ ਦੇ ਮਾਮਲਿਆਂ ਵਿਚ 9800 ਲਾਇਸੈਂਸ ਸਸਪੈਂਡ ਕੀਤੇ ਹਨ। ਇਹ ਕਾਰਵਾਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ 'ਤੇ ਕੀਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਭੜਕਾਊ ਭਾਸ਼ਣ ਦੇਣ ਜਾਂ ਹਥਿਆਰਾਂ ਨਾਲ ਧਮਕੀਆਂ ਦੇਣ ਦੇ ਮਾਮਲਿਆਂ ਵਿਚ ਬਿਲਕੁਲ ਵੀ ਢਿੱਲ ਨਹੀਂ ਵਰਤੀ ਜਾਵੇਗੀ। ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਸਭ ਤੋਂ ਪਹਿਲਾਂ ਦੋਸ਼ੀਆਂ ਦੇ ਅਸਲਾ ਲਾਇਸੈਂਸ ਸਸਪੈਂਡ ਕੀਤੇ ਜਾਣਗੇ।
2300 ਲੋਕਾਂ ਦੀ ਸੁਰੱਖਿਆ ਲਈ ਵਾਪਸ
ਪੁਲਿਸ ਹੁਣ ਤੱਕ 2300 ਲੋਕਾਂ ਤੋਂ ਪੁਲਿਸ ਸੁਰੱਖਿਆ ਵਾਪਸ ਲੈ ਚੁੱਕੀ ਹੈ। ਸੂਬੇ ਵਿਚ 21 ਤੋਂ 40 ਸਾਲ ਦੀ ਉਮਰ ਦੇ ਲੋਕਾਂ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਸ 'ਤੇ ਸਕਿਓਰਿਟੀ ਰੀਵਿਊ ਕੀਤਾ ਜਾ ਰਿਹਾ ਹੈ। ਜਿਨ੍ਹਾਂ 2300 ਲੋਕਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਸੂਬੇ ਦੇ ਕਈ ਵਪਾਰੀ, ਸਿਆਸੀ ਪਾਰਟੀਆਂ ਦੇ ਜ਼ਿਲ੍ਹਾ ਪੱਧਰੀ ਪ੍ਰਧਾਨ, ਉਦਯੋਗਪਤੀ ਅਤੇ ਕਾਰੋਬਾਰੀ ਆਦਿ ਸ਼ਾਮਲ ਹਨ।
ਸੂਬੇ 'ਚ 8 ਲੱਖ ਹਥਿਆਰ ਗੈਰ-ਕਾਨੂੰਨੀ
ਇੰਟੈਲੀਜੈਂਸ ਵਿੰਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਦੀ ਤਰਫੋਂ ਡੀਜੀਪੀ ਨੂੰ ਇਕ ਰਿਪੋਰਟ ਸੌਂਪੀ ਗਈ ਹੈ, ਜਿਸ ਵਿਚ ਖੁਲਾਸਾ ਹੋਇਆ ਹੈ ਕਿ ਸੂਬੇ ਵਿਚ 4 ਲੱਖ ਅਸਲਾ ਲਾਇਸੈਂਸਧਾਰਕਾਂ ਤੋਂ ਦੁੱਗਣਾ 7 ਤੋਂ 8 ਲੱਖ ਗੈਰ-ਕਾਨੂੰਨੀ ਹਥਿਆਰ ਲੋਕਾਂ ਦੇ ਕੋਲ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਵਿਚ ਗੈਰ-ਕਾਨੂੰਨੀ ਹਥਿਆਰਾਂ ਦੇ ਗਿਰੋਹ ਨੂੰ ਪਾਕਿਸਤਾਨ, ਅਮਰੀਕਾ, ਇਟਲੀ, ਜਰਮਨੀ ਅਤੇ ਕੈਨੇਡਾ ਦੇ ਵੱਖ-ਵੱਖ ਗੈਂਗਸਟਰਾਂ ਵੱਲੋਂ ਚਲਾਇਆ ਜਾ ਰਿਹਾ ਹੈ।
ਜਾਅਲੀ ਦਸਤਖਤਾਂ ਦਾ ਤੋੜ ਕੱਢਣ 'ਚ ਜੁਟਿਆ ਪ੍ਰਸ਼ਾਸਨ
9800 ਲੋਕਾਂ ਦੇ ਅਸਲਾ ਲਾਇਸੈਂਸ ਸਸਪੈਂਡ ਕਰਦਿਆਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਡੀਜੀਪੀ ਨੇ ਦੱਸਿਆ ਕਿ ਸਾਹਮਣੇ ਆਇਆ ਹੈ ਕਿ ਕਈ ਜ਼ਿਲ੍ਹਿਆਂ ਵਿਚ ਡੀਸੀ ਅਤੇ ਹੋਰ ਅਧਿਕਾਰੀਆਂ ਦੇ ਜਾਅਲੀ ਦਸਤਖਤਾਂ ਨਾਲ ਅਸਲਾ ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
Action Against Those Making Threats And Provocative Speeches By Showing Weapons License Suspension Of 9800 People