Jhansi- 'ਪਾਪਾ ਨੇ ਪਹਿਲਾਂ ਕੁੱਟਿਆ, ਫਿਰ ਫਾਹਾ ਲਾ ਕੇ ਲਟਕਾਇਆ', ਪੇਂਟਿੰਗ ਬਣਾ ਕੇ 5 ਸਾਲ ਦੀ ਮਾਸੂਮ ਨੇ ਖੋਲ੍ਹਿਆ ਮਾਂ ਦੀ ਹੱਤਿਆ ਰਾਜ਼, ਜਾਂਚ ਸ਼ੁਰੂ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਯੂਪੀ ਦੇ ਝਾਂਸੀ ਦੇ ਪੰਚਵਟੀ ਸਥਿਤ ਸ਼ਿਵ ਪਰਿਵਾਰ ਕਾਲੋਨੀ ਵਿਚ ਰਹਿਣ ਵਾਲੀ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਔਰਤ ਇਕ ਦਿਨ ਪਹਿਲਾਂ ਹੀ ਆਪਣੇ ਮਾਮੇ ਦੇ ਲੜਕੇ ਦੇ ਵਿਆਹ ਤੋਂ ਵਾਪਸ ਆਈ ਸੀ। ਬੇਟੀ ਦੀ ਮੌਤ ਦੀ ਸੂਚਨਾ ਮਿਲਣ 'ਤੇ ਉਸ ਦੇ ਮਾਤਾ-ਪਿਤਾ ਉਸ ਦੇ ਸਹੁਰੇ ਘਰ ਪਹੁੰਚੇ। ਸਹੁਰਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ, ਪਰ ਇਸ ਦੌਰਾਨ 5 ਸਾਲ ਦੀ ਬੇਟੀ ਵੱਲੋਂ ਕਾਗਜ਼ 'ਤੇ ਬਣਾਈ ਗਈ ਪੇਂਟਿੰਗ ਨਾਲ ਸ਼ੱਕ ਪੈਦਾ ਹੋਇਆ ਅਤੇ ਫਿਰ ਮਾਪਿਆਂ ਨੇ ਪੁਲਿਸ ਦੇ ਸਾਹਮਣੇ ਧੀ ਦੇ ਕਤਲ ਦਾ ਸ਼ੱਕ ਜਤਾਉਂਦੇ ਹੋਏ ਕਾਰਵਾਈ ਦੀ ਮੰਗ ਰੱਖ ਦਿੱਤੀ। 5 ਸਾਲ ਦੀ ਮਾਸੂਮ ਬੱਚੀ ਨੇ ਦੱਸਿਆ ਕਿ ਉਸਦੇ ਪਿਤਾ ਨੇ ਉਸਦੀ ਮਾਂ ਨੂੰ ਕੁੱਟਿਆ ਅਤੇ ਗਲਾ ਘੁੱਟ ਕੇ ਮਾਰ ਦਿੱਤਾ। ਇਹ ਸੁਣ ਕੇ ਮਾਪਿਆਂ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਆਪਣੀ ਧੀ ਦੇ ਕਤਲ ਦਾ ਦੋਸ਼ ਲਗਾਉਂਦੇ ਹੋਏ ਮੈਡੀਕਲ ਕਾਲਜ ਵਿੱਚ ਹੰਗਾਮਾ ਮਚਾ ਦਿੱਤਾ। ਉਹ ਪਤੀ ਅਤੇ ਸਹੁਰੇ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਹੋਏ ਸੀ। ਪੁਲਿਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਝਾਂਸੀ ਦੇ ਕੋਤਵਾਲੀ ਥਾਣਾ ਖੇਤਰ ਦੇ ਪੰਚਵਟੀ ਵਿਚ ਸਥਿਤ ਸ਼ਿਵ ਪਰਿਵਾਰ ਕਾਲੋਨੀ 'ਚ ਰਹਿਣ ਵਾਲੀ ਸੋਨਾਲੀ ਪਤਨੀ ਸੰਦੀਪ ਬੁਢੌਲੀਆ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਸਮਥਰ ਦੇ ਨਵੀਂ ਬਸਤੀ ਦੀ ਰਹਿਣ ਵਾਲੀ ਸੋਨਾਲੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਨਾਲੀ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ। 20 ਲੱਖ ਦਾ ਦਾਜ ਦੇਣ ਤੋਂ ਬਾਅਦ ਵੀ ਉਸ ਦੇ ਸਹੁਰਿਆਂ ਨੇ ਸੋਨਾਲੀ ਨੂੰ ਕਾਰ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਵਿਆਹ ਦੇ ਇਕ ਸਾਲ ਬਾਅਦ ਸੋਨਾਲੀ ਨੇ ਬੇਟੀ ਨੂੰ ਜਨਮ ਦਿੱਤਾ। ਇਸ 'ਤੇ ਵੀ ਉਸ ਦੇ ਸਹੁਰੇ ਉਸ ਨੂੰ ਪੁੱਤਰ ਨਾ ਹੋਣ ਦੇ ਤਾਅਨੇ ਮਾਰ ਕੇ ਤੰਗ ਪ੍ਰੇਸ਼ਾਨ ਕਰਦੇ ਸੀ। ਇਕ ਵਾਰ ਤਾਂ ਉਨ੍ਹਾਂ ਨੇ ਸੋਨਾਲੀ 'ਤੇ ਹੱਥ ਸਾੜਨ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਦਾ ਕਤਲ ਕਰਕੇ ਉਸ ਨੂੰ ਆਤਮਹੱਤਿਆ ਸਾਬਿਤ ਕਰਨ ਲਈ ਲਾਸ਼ ਨੂੰ ਫਾਹਾ ਲਾਕੇ ਲਟਕਾ ਦਿੱਤਾ ਗਿਆ।
ਪੰਜ ਸਾਲ ਦੀ ਮਾਸੂਮ ਨੇ ਬਣਾਈ ਪੇਂਟਿੰਗ
ਸੋਨਾਮੀ ਦੀ ਪੰਜ ਸਾਲਾ ਬੇਟੀ ਦਰਸ਼ਿਕਾ ਨੇ ਦੱਸਿਆ ਕਿ ਪਿਤਾ ਨੇ ਉਸ ਦੀ ਮਾਂ ਦੀ ਕੁੱਟਮਾਰ ਕੀਤੀ ਅਤੇ ਗਲਾ ਘੁੱਟ ਦਿੱਤਾ ਸੀ। ਉਸ ਨੇ ਕਿਹਾ ਕਿ ਪਾਪਾ ਨੇ ਮੰਮੀ ਦਾ ਗਲਾ ਘੁੱਟ ਕੇ ਮਾਰਿਆ। ਉਸ ਨੇ ਜੋ ਕਿਹਾ, ਉਸ ਦੇ ਆਧਾਰ 'ਤੇ ਕਾਗਜ਼ 'ਤੇ ਪੇਂਟਿੰਗ ਕੀਤੀ। ਪੇਂਟਿੰਗ ਵਿਚ ਪਿਤਾ ਨੂੰ ਮਾਂ ਦਾ ਗਲਾ ਘੁੱਟਦੇ ਹੋਏ ਦਿਖਾਇਆ ਹੈ। ਇਸ ਤੋਂ ਬਾਅਦ ਮਾਪਿਆਂ ਅਤੇ ਪੁਲਿਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਬੱਚੀ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਪਿਤਾ ਨੇ ਪਹਿਲਾਂ ਵੀ ਉਸ ਦੀ ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ। ਉਸ ਨੇ ਕਿਹਾ ਕਿ ਮੈਂ ਉਸ ਨੂੰ ਇਕ ਵਾਰ ਕਿਹਾ ਸੀ ਕਿ 'ਜੇ ਤੁਸੀਂ ਮੇਰੀ ਮਾਂ ਨੂੰ ਛੂਹੋਗੇ ਤਾਂ ਮੈਂ ਤੁਹਾਡਾ ਹੱਥ ਤੋੜ ਦਿਆਂਗੀ।' ਉਹ ਮੰਮੀ ਨੂੰ ਕੁੱਟਦਾ ਸੀ ਅਤੇ ਕਹਿੰਦਾ ਸੀ ਕਿ ਉਸ ਨੂੰ ਮਰ ਜਾਣਾ ਚਾਹੀਦਾ ਹੈ।
ਕੀ ਕਹਿਣਾ ਹੈ ਪੁਲਿਸ ਦਾ
ਸੀਓ ਸਿਟੀ ਰਾਮਵੀਰ ਸਿੰਘ ਨੇ ਦੱਸਿਆ ਕਿ ਔਰਤ ਦੀ ਮੌਤ 'ਤੇ ਪਰਿਵਾਰਕ ਮੈਂਬਰ ਕਤਲ ਦਾ ਦੋਸ਼ ਲਗਾ ਰਹੇ ਹਨ। ਸਹੁਰੇ ਵਾਲੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਗੱਲ ਕਰ ਰਹੇ ਹਨ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਸਬੂਤਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Jhansi Father First Beat Her Then Hanged Her 5 year old Innocent Girl Reveals Mother s Murder Secret By Making A Painting Investigation Begins