Vande Bharat Train- ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਦੌੜੇਗੀ ਵੰਦੇ ਭਾਰਤ ਟਰੇਨ, ਪੀਐੱਮ ਮੋਦੀ ਅਗਲੇ ਮਹੀਨੇ ਦਿਖਾਉਣਗੇ ਹਰੀ ਝੰਡੀ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਪ੍ਰੈਲ ਨੂੰ ਕਸ਼ਮੀਰ ਲਈ ਪਹਿਲੀ ਵੰਦੇ ਭਾਰਤ ਟਰੇਨ ਨੂੰ ਕਟੜਾ ਹਰੀ ਝੰਡੀ ਦੇਣਗੇ ਅਤੇ ਇਸ ਦੇ ਨਾਲ 272 ਕਿਲੋਮੀਟਰ ਲੰਬੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਸੰਪਰਕ ਪ੍ਰਾਜੈਕਟ ਨੂੰ ਪੂਰਾ ਕੀਤਾ ਜਾਵੇਗਾ।
ਜੰਮੂ-ਕਟੜਾ-ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਵਿਚ ਕਟੜਾ ਤੋਂ ਚੱਲੇਗੀ ਕਿਉਂਕਿ ਜੰਮੂ ਰੇਲਵੇ ਸਟੇਸ਼ਨ 'ਤੇ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੇਲ ਲਿੰਕ ਪ੍ਰਾਜੈਕਟ ਪਿਛਲੇ ਮਹੀਨੇ ਪੂਰਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਜਨਵਰੀ ਵਿਚ ਕਟੜਾ ਅਤੇ ਕਸ਼ਮੀਰ ਵਿਚਕਾਰ ਰੇਲ ਸੇਵਾ ਨੂੰ ਮਨਜ਼ੂਰੀ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਨਾਲ ਜੰਮੂ ਅਤੇ ਸ਼੍ਰੀਨਗਰ ਵਿਚਕਾਰ ਯਾਤਰਾ ਦਾ ਸਮੇਂ ਕਾਫ਼ੀ ਘੱਟ ਹੋ ਜਾਵੇਗਾ ਅਤੇ ਇਸ ਖੇਤਰ ਨੂੰ ਆਧੁਨਿਕ ਅਤੇ ਕੁਸ਼ਲ ਰੇਲ ਸੇਵਾ ਉਪਲਬੱਧ ਹੋਵੇਗੀ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਐਤਵਾਰ ਨੂੰ ਜੰਮੂ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 19 ਅਪ੍ਰੈਲ ਨੂੰ ਊਧਮਪੁਰ ਪਹੁੰਚਣਗੇ। ਉਹ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਦੌਰਾ ਕਰਨਗੇ ਅਤੇ ਉਸ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਕਟੜਾ ਤੋਂ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ।
ਇਸ ਨਾਲ ਕਸ਼ਮੀਰ ਨਾਲ ਸਿੱਧੀ ਰੇਲ ਸੰਪਰਕ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋ ਜਾਵੇਗੀ। ਵਰਤਮਾਨ ਵਿਚ ਘਾਟੀ ਵਿਚ ਸਿਰਫ ਸੰਗਲਦਾਨ ਅਤੇ ਬਾਰਾਮੂਲਾ ਦੇ ਵਿਚਾਲੇ ਅਤੇ ਕਟੜਾ ਤੋਂ ਦੇਸ਼ ਭਰ ਦੀਆਂ ਮੰਜ਼ਿਲਾਂ ਲਈ ਰੇਲ ਸੇਵਾਵਾਂ ਚਲਦੀਆਂ ਹੁੰਦੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਨੂੰ ਰੇਲ ਰਾਹੀਂ ਜੋੜਨ ਦਾ ਅਹਿਮ ਪ੍ਰਾਜੈਕਟ 1997 ਵਿਚ ਸ਼ੁਰੂ ਹੋਇਆ ਸੀ ਪਰ ਭੂ-ਵਿਗਿਆਨਕ, ਭੂਗੋਲਿਕ ਅਤੇ ਮੌਸਮ ਸੰਬੰਧੀ ਚੁਣੌਤੀਆਂ ਕਾਰਨ ਇਸ ਦੇ ਮੁਕੰਮਲ ਹੋਣ ਵਿਚ ਦੇਰੀ ਹੋਈ।
ਇਸ ਪ੍ਰਾਜੈਕਟ ਵਿਚ ਕੁੱਲ 119 ਕਿਲੋਮੀਟਰ ਲੰਬੀਆਂ 38 ਸੁਰੰਗਾਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਲੰਬੀ ਸੁਰੰਗ ਟੀ-49 ਹੈ ਜੋ ਕਿ 12.75 ਕਿਲੋਮੀਟਰ ਲੰਬੀ ਹੈ। ਇਹ ਦੇਸ਼ ਦੀ ਸਭ ਤੋਂ ਲੰਬੀ ਆਵਾਜਾਈ ਸੁਰੰਗ ਵੀ ਹੈ। ਇਸ ਪ੍ਰਾਜੈਕਟ ਵਿਚ ਕੁੱਲ 13 ਕਿਲੋਮੀਟਰ ਦੀ ਲੰਬਾਈ ਵਾਲੇ 927 ਪੁਲ ਵੀ ਸ਼ਾਮਲ ਹਨ।
ਇਨ੍ਹਾਂ ਵਿਚ ਮਸ਼ਹੂਰ ਚਨਾਬ ਪੁਲ ਸ਼ਾਮਲ ਹੈ, ਜਿਸਦੀ ਕੁੱਲ ਲੰਬਾਈ 1,315 ਮੀਟਰ ਹੈ। ਇਸ ਦੀ ਮੇਹਰਾਬ 467 ਮੀਟਰ ਹੈ ਅਤੇ ਇਹ ਨਦੀ ਦੇ ਪੱਧਰ ਤੋਂ 359 ਮੀਟਰ ਉਪਰ ਹੈ। ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੋਣ ਕਾਰਨ ਇਹ ਦੁਨੀਆ ਦਾ ਸਭ ਤੋਂ ਉੱਚਾ ਆਰਕ ਰੇਲਵੇ ਬ੍ਰਿਜ (ਆਰਕ ਬ੍ਰਿਜ) ਹੋਵੇਗਾ।
Vande Bharat Train Vande Bharat Train Will Run In The Beautiful Valleys Of Kashmir PM Modi Will Flag Off Next Month