ਗ੍ਰੀਨਫੀਲਡ ਪੁਲਿਸ ਨੇ 3 ਮਿਲੀਅਨ ਡਾਲਰ ਦਾ ਚੋਰੀ ਮਾਲ ਬਰਾਮਦ ਕੀਤਾ, ਕੈਲੀਫੋਰਨੀਆ ਦਾ ਵਿਅਕਤੀ ਗ੍ਰਿਫ਼ਤਾਰ
ਗ੍ਰੀਨਫੀਲਡ, ਇੰਡਿਆਨਾ(ਲਾਈਵ ਪੰਜਾਬੀ ਟੀਵੀ USA ਬਿਊਰੋ )ਗ੍ਰੀਨਫੀਲਡ ਪੁਲਿਸ ਨੇ ਪੈਨਸਿਲਵੇਨੀਆ ਤੋਂ ਧੋਖਾਧੜੀ ਰਾਹੀਂ ਹਾਸਲ ਕੀਤਾ ਗਿਆ ਲਗਭਗ 40,000 ਪੌਂਡ ਚੋਰੀ ਮਾਲ ਬਰਾਮਦ ਕਰਕੇ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਮਾਲ ਦੀ ਕੀਮਤ ਕਰੀਬ 3ਮਿਲੀਅਨ ਡਾਲਰ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ।
ਪੁਲਿਸ ਅਨੁਸਾਰ ਸ਼ਨੀਵਾਰ ਸਵੇਰੇ ਕਰੀਬ 6 ਵਜੇ ਸੂਚਨਾ ਮਿਲੀ ਕਿ ਪੈਨਸਿਲਵੇਨੀਆ ਵਿੱਚ 25 ਜੂਨ ਨੂੰ ਹੋਈ ਕੀਮਤੀ ਕਾਰਗੋ ਚੋਰੀ ਨਾਲ ਸੰਬੰਧਿਤ ਇੱਕ ਸੈਮੀ-ਟਰੱਕ ਇੰਟਰਸਟੇਟ-70 ਰਾਹੀਂ ਹੈਨਕਾਕ ਕਾਊਂਟੀ ਵਿੱਚ ਦਾਖਲ ਹੋ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਈਲ ਮਾਰਕਰ 104 ਨੇੜੇ ਟਰੱਕ ਨੂੰ ਰੋਕ ਕੇ ਜਾਂਚ ਕੀਤੀ।
ਜਾਂਚ ਦੌਰਾਨ ਟਰੱਕ ਚਾਲਕ ਦੀ ਪਹਿਚਾਣ 31 ਸਾਲਾ ਦੀਪਕ ਕੁਮਾਰ, ਨਿਵਾਸੀ ਫਰਿਜ਼ਨੋ, ਕੈਲੀਫੋਰਨੀਆ ਵਜੋਂ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਲਗਭਗ 40,000 ਪੌਂਡ ਟੰਗਸਟਨ ਆਕਸਾਈਡ ਪਾਊਡਰ ਆਪਣੇ ਕਬਜ਼ੇ ਵਿੱਚ ਲਿਆ ਸੀ।
ਇਹ ਕੀਮਤੀ ਮਾਲ ਜਪਾਨ ਦੀ ਮਿਤਸੁਬਿਸ਼ੀ ਮਟੀਰੀਅਲਜ਼ ਕਾਰਪੋਰੇਸ਼ਨ ਨੂੰ ਭੇਜਿਆ ਜਾਣਾ ਸੀ। ਪੈਨਸਿਲਵੇਨੀਆ ਵਿੱਚ ਦੀਪਕ ਕੁਮਾਰ ਖ਼ਿਲਾਫ਼ ਪਹਿਲਾਂ ਹੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਚੋਰੀ ਅਤੇ ਸੰਚਾਰ ਸਹੂਲਤ ਦੀ ਅਪਰਾਧਿਕ ਵਰਤੋਂ ਵਰਗੇ ਦੋਸ਼ ਸ਼ਾਮਲ ਹਨ।
ਗ੍ਰਿਫ਼ਤਾਰੀ ਤੋਂ ਬਾਅਦ ਦੀਪਕ ਕੁਮਾਰ ਨੂੰ ਹੈਨਕਾਕ ਕਾਊਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ। ਇੰਡਿਆਨਾ ਵਿੱਚ ਵੀ ਉਸ ਉੱਤੇ ਵਾਧੂ ਦੋਸ਼ ਲਗਾਉਣ ਬਾਰੇ ਫ਼ੈਸਲਾ ਹੈਨਕਾਕ ਕਾਊਂਟੀ ਪ੍ਰੋਸੀਕਿਊਟਰ ਦਫ਼ਤਰ ਵੱਲੋਂ ਜਾਂਚ ਪੂਰੀ ਹੋਣ ਉਪਰੰਤ ਕੀਤਾ ਜਾਵੇਗਾ।
ਪੁਲਿਸ ਨੇ ਸਰਚ ਵਾਰੰਟ ਦੇ ਆਧਾਰ ’ਤੇ ਟਰੱਕ ਅਤੇ ਟ੍ਰੇਲਰ ਦੀ ਤਲਾਸ਼ੀ ਲਈ, ਜਿਸ ਦੌਰਾਨ ਚੋਰੀ ਕੀਤਾ ਗਿਆ ਸਾਰਾ ਕਾਰਗੋ ਟ੍ਰੇਲਰ ਵਿੱਚੋਂ ਬਰਾਮਦ ਹੋ ਗਿਆ। ਟਰੱਕ ਅਤੇ ਟ੍ਰੇਲਰ ਨੂੰ ਸਬੂਤ ਵਜੋਂ ਜ਼ਬਤ ਕਰ ਲਿਆ ਗਿਆ ਹੈ, ਜਦਕਿ ਬਰਾਮਦ ਮਾਲ ਮਿਤਸੁਬਿਸ਼ੀ ਮਟੀਰੀਅਲਜ਼ ਕਾਰਪੋਰੇਸ਼ਨ ਦੇ ਨੁਮਾਇੰਦੇ ਦੇ ਹਵਾਲੇ ਕਰ ਦਿੱਤਾ ਗਿਆ ਹੈ।
Greenfield police recover 3 million