Stop Rail Movement-ਕਿਸਾਨਾਂ ਵੱਲੋਂ ਦੇਸ਼ ਭਰ 'ਚ ਰੇਲ ਰੋਕੋ ਅੰਦੋਲਨ ਦਾ ਐਲਾਨ, 3 ਅਕਤੂਬਰ ਨੂੰ ਪੰਜਾਬ 'ਚ 30 ਥਾਵਾਂ 'ਤੇ ਰੋਕੀਆਂ ਜਾਣਗੀਆਂ ਰੇਲਾਂ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਕਿਸਾਨ ਇਕ ਵਾਰ ਫਿਰ ਰੇਲ ਪਟੜੀਆਂ 'ਤੇ ਧਰਨਾ ਦੇਣ ਜਾ ਰਹੇ ਹਨ। ਇਸ ਵਾਰ ਇਹ ਪ੍ਰਦਰਸ਼ਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ। ਰਾਸ਼ਟਰੀ ਪੱਧਰ 'ਤੇ ਕਿਸਾਨ 3 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਕਰਨਗੇ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕਿਸਾਨ 3 ਘੰਟੇ ਰੇਲਾਂ ਦੀ ਆਵਾਜਾਈ ਠੱਪ ਕਰਨਗੇ। 3 ਅਕਤੂਬਰ ਨੂੰ ਹੋਣ ਵਾਲੇ ਰੇਲ ਰੋਕੋ ਅੰਦੋਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਸਾਨ ਜਥੇਬੰਦੀਆਂ ਨੇ ਸੋਮਵਾਰ ਨੂੰ ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ।
ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮੋਨੂੰ ਮਿਸ਼ਰਾ ਨੂੰ ਅਜੇ ਤੱਕ ਸਜ਼ਾ ਨਾ ਮਿਲਣ ਅਤੇ ਐਮਐਸਪੀ ਸਮੇਤ ਬਾਕੀ 12 ਮੰਗਾਂ ਨੂੰ ਲੈ ਕੇ ਕਿਸਾਨਾਂ ਨੇ 3 ਅਕਤੂਬਰ ਨੂੰ 3 ਘੰਟੇ ਲਈ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਦੀ ਤੀਜੀ ਬਰਸੀ ਹੋਵੇਗੀ, ਜਿਸ ਵਿਚ 8 ਕਿਸਾਨਾਂ ਦੀ ਜਾਨ ਚਲੀ ਗਈ ਸੀ।
ਪੰਜਾਬ 'ਚ ਰੇਲ ਰੋਕ
ਪੰਧੇਰ ਨੇ ਦੱਸਿਆ ਕਿ ਪੰਜਾਬ ਦੇ 18 ਜ਼ਿਲ੍ਹਿਆਂ ਵਿਚ ਕਰੀਬ 30 ਥਾਵਾਂ ’ਤੇ ਰੇਲ ਗੱਡੀਆਂ ਨੂੰ ਰੋਕਿਆ ਜਾਵੇਗਾ। ਇਨ੍ਹਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿਚ ਬਟਾਲਾ, ਤਰਨਤਾਰਨ ਸ਼ਹਿਰ ਅਤੇ ਪੱਟੀ, ਹੁਸ਼ਿਆਰਪੁਰ ਵਿੱਚ ਟਾਂਡਾ ਅਤੇ ਹੁਸ਼ਿਆਰਪੁਰ ਖਾਸ, ਲੁਧਿਆਣਾ ਵਿੱਚ ਕਿਲ੍ਹਾ ਰਾਏਪੁਰ ਅਤੇ ਸਾਹਨੇਵਾਲ, ਜਲੰਧਰ ਵਿਚ ਫਿਲੌਰ ਅਤੇ ਲੋਹੀਆ, ਤਲਵੰਡੀ ਭਾਈ, ਮੱਲਾਂਵਾਲਾ, ਮੱਖੂ, ਗੁਰੂਹਰਸਹਾਏ, ਮੋਗਾ ਸਟੇਸ਼ਨ, ਮੋਗਾ ਜ਼ਿਲ੍ਹੇ ਵਿਚ ਸ਼ਾਮਲ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿਚ ਪਟਿਆਲਾ ਸਟੇਸ਼ਨ, ਮੁਕਤਸਰ ਵਿਚ ਮਲੋਟ, ਕਪੂਰਥਲਾ ਵਿਚ ਹਮੀਰਾ ਅਤੇ ਸੁਲਤਾਨਪੁਰ, ਮਾਲੇਰਕੋਟਲਾ ਵਿਚ ਸੁਨਾਮ, ਅਹਿਮਦਗੜ੍ਹ ਮੰਡੀ, ਫਰੀਦਕੋਟ ਵਿਚ ਫਰੀਦਕੋਟ ਸ਼ਹਿਰ, ਬਠਿੰਡਾ ਜ਼ਿਲ੍ਹੇ ਵਿਚ ਰਾਮਪੁਰਾ ਫੂਲ ਅਤੇ ਪਠਾਨਕੋਟ ਜ਼ਿਲ੍ਹੇ ਵਿਚ ਪਰਮਾਨੰਦ ਤੋਂ ਇਲਾਵਾ ਹਰਿਆਣਾ ਵਿਚ ਦੋ ਥਾਵਾਂ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ 'ਚ ਦੋ ਥਾਵਾਂ 'ਤੇ ਧਰਨੇ ਦਿੱਤੇ ਜਾਣਗੇ। ਯੂਪੀ 'ਚ ਤਿੰਨ ਥਾਵਾਂ 'ਤੇ ਟਰੇਨਾਂ ਨੂੰ ਰੋਕਿਆ ਜਾਵੇਗਾ।
ਬਾਸਮਤੀ ਦੀਆਂ ਕੀਮਤਾਂ ਘੱਟ:
ਪੰਧੇਰ ਨੇ ਅੱਗੇ ਕਿਹਾ ਕਿ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਬਾਸਮਤੀ ਦੀ ਖੇਤੀ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਇਸ ਵਾਰ ਬਹੁਤ ਸਾਰੇ ਕਿਸਾਨਾਂ ਨੇ ਬਾਸਮਤੀ ਦੀ ਬਿਜਾਈ ਕੀਤੀ ਹੈ ਪਰ ਉਨ੍ਹਾਂ ਨੂੰ ਬਾਸਮਤੀ ਦਾ ਭਾਅ ਬਹੁਤ ਘੱਟ ਮਿਲ ਰਿਹਾ ਹੈ।
ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਪੰਧੇਰ ਨੇ ਮੰਗ ਕੀਤੀ ਕਿ ਕਿਸਾਨਾਂ 'ਤੇ ਜੁਰਮਾਨੇ ਕਰਨ ਅਤੇ ਉਨ੍ਹਾਂ 'ਤੇ ਰੈੱਡ ਐਂਟਰੀ ਲਗਾਉਣ ਦੀ ਬਜਾਏ ਪਰਾਲੀ ਦੀ ਸਮੱਸਿਆ ਦਾ ਕੋਈ ਠੋਸ ਹੱਲ ਲੱਭਿਆ ਜਾਵੇ |
ਉਨ੍ਹਾਂ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਡੀ.ਏ.ਪੀ ਦੀ ਲੋੜੀਂਦੀ ਸਪਲਾਈ ਦੀ ਵੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਗਿੱਲ, ਸੁਰਜੀਤ ਸਿੰਘ ਫੂਲ, ਗੁਰਮੀਤ ਸਿੰਘ ਮਾਂਗਟ, ਬਲਵੰਤ ਸਿੰਘ ਬਹਿਰਾਮਕੇ, ਜੰਗ ਸਿੰਘ ਬਥੇੜੀ, ਮਨਜੀਤ ਸਿੰਘ ਨਿਹਾਲ ਅਤੇ ਅੰਬਾਲਾ ਤੋਂ ਕਿਸਾਨ ਆਗੂ ਅਮਰਜੀਤ ਸਿੰਘ ਮੋਹਰੀ ਹਾਜ਼ਰ ਸਨ।
Trains Will Be Stopped At 30 Places In Punjab On October 3