1984 Sikh riots case- ਸੱਜਣ ਕੁਮਾਰ ਨੂੰ ਉਮਰ ਕੈਦ, ਜਾਣੋ ਕੀ ਹੈ ਪੂਰਾ ਮਾਮਲਾ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸਿੱਖ ਵਿਰੋਧੀ ਦੰਗਿਆਂ (1984) ਨਾਲ ਸਬੰਧਤ ਦਿੱਲੀ ਦੇ ਸਰਸਵਤੀ ਵਿਹਾਰ ਹਿੰਸਾ ਮਾਮਲੇ ਵਿਚ ਦੋਸ਼ੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦਿੱਲੀ ਪੁਲਿਸ ਅਤੇ ਪੀੜਤਾਂ ਨੇ ਇਸ ਮਾਮਲੇ ਨੂੰ ਰੇਅਰੇਸਟ ਆਫ ਰੇਅਰ ਦੀ ਕੈਟਾਗਰੀ ਵਿਚ ਮੰਨਦੇ ਹੋਏ ਸੱਜਣ ਕੁਮਾਰ ਦੇ ਖਿਲਾਫ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।
ਪੁਲਿਸ ਨੇ ਅਦਾਲਤ ਵਿਚ ਦਾਇਰ ਲਿਖਤੀ ਦਲੀਲਾਂ ਵਿੱਚ ਕਿਹਾ ਸੀ ਕਿ ਇਹ ਮਾਮਲਾ ਨਿਰਭਯਾ ਕੇਸ ਤੋਂ ਵੀ ਵੱਧ ਗੰਭੀਰ ਹੈ। ਨਿਰਭਯਾ ਕੇਸ ਵਿੱਚ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਇੱਥੇ ਇੱਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
1984 'ਚ ਸਿੱਖਾਂ ਦਾ ਕਤਲੇਆਮ ਮਨੁੱਖਤਾ ਵਿਰੁੱਧ ਅਪਰਾਧ
ਦਿੱਲੀ ਪੁਲਿਸ ਦੀ ਤਰਫੋਂ ਦਲੀਲ ਵਿਚ ਇਹ ਵੀ ਕਿਹਾ ਗਿਆ ਕਿ 1984 ਵਿਚ ਸਿੱਖਾਂ ਦਾ ਕਤਲੇਆਮ ਮਨੁੱਖਤਾ ਵਿਰੁੱਧ ਅਪਰਾਧ ਹੈ। ਇਸ ਹਿੰਸਾ ਦੌਰਾਨ ਇੱਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਦੰਗਿਆਂ ਨੇ ਸਮਾਜ ਦੀ ਚੇਤਨਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਸੱਜਣ ਕੁਮਾਰ ਨੂੰ ਦੂਜੀ ਵਾਰ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ
ਦੱਸਣਯੋਗ ਹੈ ਕਿ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਹਾਲ ਹੀ ਵਿੱਚ ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੱਜਣ ਕੁਮਾਰ ਨੂੰ ਦੂਜੀ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਪਹਿਲਾਂ ਹੀ ਦਿੱਲੀ ਕੈਂਟ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਦੰਗਿਆਂ 'ਚ ਪਿਓ-ਪੁੱਤ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ
ਜ਼ਿਕਰਯੋਗ ਹੈ ਕਿ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿਚ ਦੋ ਸਿੱਖਾਂ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਹਲਫ਼ਨਾਮੇ ਦੇ ਆਧਾਰ 'ਤੇ ਦਰਜ ਕੀਤੀ ਗਈ ਸੀ ਐਫਆਈਆਰ
ਇਸ ਘਟਨਾ ਨਾਲ ਸਬੰਧਤ ਐਫਆਈਆਰ ਉੱਤਰੀ ਦਿੱਲੀ ਦੇ ਸਰਸਵਤੀ ਵਿਹਾਰ ਥਾਣੇ ਵਿਚ ਦਰਜ ਕੀਤੀ ਗਈ ਸੀ। ਰੰਗਨਾਥ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਦਿੱਤੇ ਹਲਫਨਾਮੇ ਦੇ ਆਧਾਰ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ।
1984 Sikh Riots Case Sajjan Kumar Sentenced To Life Imprisonment Know What The Whole Matter Is