CM ਮਾਨ ਨੇ ਕੀਤੀ ਪ੍ਰੈੱਸ ਕਾਨਫਰੰਸ, ਪੜ੍ਹੋ ਇੱਕ-ਇੱਕ ਗੱਲ Detail 'ਚ
Punjab
CM ਮਾਨ ਨੇ ਕੀਤੀ ਪ੍ਰੈੱਸ ਕਾਨਫਰੰਸ, ਪੜ੍ਹੋ ਇੱਕ-ਇੱਕ ਗੱਲ Detail 'ਚ
ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਆਪਣੀ ਚੰਡੀਗੜ੍ਹ ਰਿਹਾਇਸ਼ 'ਤੇ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਕਰਦਿਆਂ ਸੂਬੇ ਦੇ ਵਿਕਾਸ ਲਈ ਵੱਡੇ ਐਲਾਨ ਕੀਤੇ। ਸੂਬੇ ਵਿੱਚ ਸੜਕਾਂ ਦੀ ਤਿਆਰੀ ਅਤੇ ਮੁਰੰਮਤ ਲਈ ਉਨ੍ਹਾਂ ਨੇ 16,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕਰਨ ਦਾ ਫ਼ੈਸਲਾ ਸਾਂਝਾ ਕੀਤਾ। CM ਨੇ ਇਹ ਵੀ ਦੱਸਿਆ ਕਿ ਰੋਡ ਨੈੱਟਵਰਕ ਦੇ 44,920 ਕਿਲੋਮੀਟਰ ਹਿੱਸੇ ਨੂੰ ਨਵੀਂ ਰੂਪ-ਰੇਖਾ ਦੇ ਤਹਿਤ ਤਿਆਰ ਕੀਤਾ ਜਾਵੇਗਾ।
ਮਾਨ ਨੇ ਸਪੱਸ਼ਟ ਕੀਤਾ ਕਿ ਇਸ ਵਾਰ ਸੜਕਾਂ ਦੀ ਗੁਣਵੱਤਾ 'ਤੇ ਕੋਈ ਛੋਟ ਨਹੀਂ ਹੋਵੇਗੀ ਅਤੇ ਪਹਿਲੀ ਵਾਰ ਕੰਮ ਨੂੰ ਪਾਸ ਕਰਨ ਦਾ ਅਧਿਕਾਰ ਸਿੱਧਾ ਗ੍ਰਾਮ ਪੰਚਾਇਤਾਂ ਨੂੰ ਦਿੱਤਾ ਜਾ ਰਿਹਾ ਹੈ—ਤਾਂ ਜੋ ਪਿੰਡ ਪੱਧਰ 'ਤੇ ਹੀ ਕੰਮ ਦੀ ਸੱਚੀ ਪੜਤਾਲ ਹੋ ਸਕੇ।
ਗੁਣਵੱਤਾ ਨਿਸ਼ਚਿਤ ਕਰਨ ਲਈ ਨਵਾਂ ਸਿਸਟਮ
ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਕਿਸੇ ਵੀ ਸੜਕ ਦਾ ਭੁਗਤਾਨ ਉਦੋਂ ਤੱਕ ਜਾਰੀ ਨਹੀਂ ਹੋਵੇਗਾ, ਜਦ ਤੱਕ ਸੰਬੰਧਤ ਪੰਚਾਇਤ ਇਸਦੀ ਮੰਜ਼ੂਰੀ ਨਾ ਦੇਵੇ। ਇਸਦੇ ਨਾਲ ਹੀ, ਅਚਨਚੇਤ ਜਾਂਚ ਲਈ ਇੱਕ ਖਾਸ CM ਫਲਾਇੰਗ ਸਕੁਐਡ ਵੀ ਬਣਾਇਆ ਗਿਆ ਹੈ, ਜੋ ਗੁਣਵੱਤਾ ਦੀ ਨਿਗਰਾਨੀ ਕਰੇਗਾ।
ਇਸ ਤੋਂ ਇਲਾਵਾ, ਜਿਸ ਠੇਕੇਦਾਰ ਨੂੰ ਕੰਮ ਸੌਂਪਿਆ ਜਾਵੇਗਾ, ਉਹ ਪੰਜ ਸਾਲ ਤੱਕ ਉਸੇ ਸੜਕ ਦੀ ਮੇਨਟੀਨੈਂਸ ਲਈ ਵੀ ਜ਼ਿੰਮੇਵਾਰ ਰਹੇਗਾ। ਕੰਮ ਵਿੱਚ ਗ਼ਲਤੀ ਪਾਏ ਜਾਣ 'ਤੇ ਟੈਂਡਰ ਰੱਦ ਕਰਨ ਦੀ ਚੇਤਾਵਨੀ ਵੀ CM ਨੇ ਦਿੱਤੀ।
ਕਿਹੜੀਆਂ ਸੜਕਾਂ ਸ਼ਾਮਲ?
ਮੰਡੀ ਬੋਰਡ ਸੜਕਾਂ: 22,291 ਕਿਲੋਮੀਟਰ
ਪੇਂਡੂ ਸੜਕਾਂ: 18,545 ਕਿਲੋਮੀਟਰ
PWD ਦੀਆਂ ਯੋਜਨਾਬੱਧ ਸੜਕਾਂ: 2,829 ਕਿਲੋਮੀਟਰ
ਸ਼ਹਿਰੀ ਸਥਾਨਕ ਸਰਕਾਰਾਂ ਦੇ ਅਧੀਨ ਸੜਕਾਂ: 1,255 ਕਿਲੋਮੀਟਰ
ਕੇਂਦਰ 'ਤੇ ਤਿੱਖਾ ਹਮਲਾ: “ਫੰਡ ਨਹੀਂ ਮਿਲਿਆ”
CM ਮਾਨ ਨੇ ਕੇਂਦਰ ਸਰਕਾਰ ਨੂੰ ਖਰੀਆਂ ਸ਼ਬਦਾਂ ਵਿੱਚ ਘੇਰਿਆ। ਉਨ੍ਹਾਂ ਕਿਹਾ ਕਿ ਨਾਂ ਤਾਂ ਰੂਰਲ ਡਿਵੈਲਪਮੈਂਟ ਫੰਡ ਜਾਰੀ ਹੋਇਆ ਹੈ ਅਤੇ ਨਾਂ ਹੀ ਹੜ੍ਹ ਪੀੜਤਾਂ ਲਈ PM ਦੁਆਰਾ ਐਲਾਨਿਆ 1,600 ਕਰੋੜ ਰੁਪਏ ਦਾ ਪੈਕੇਜ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪੂਰਾ ਸੜਕ ਪ੍ਰੋਜੈਕਟ ਪੰਜਾਬ ਸਰਕਾਰ ਆਪਣੇ ਖ਼ਰਚ 'ਤੇ ਕਰ ਰਹੀ ਹੈ।
ਕੁਰਾਲੀ ਬੱਸ ਸਟੈਂਡ 'ਤੇ ਰੋਪੜ ਡੀਸੀ ਨੂੰ ਲੱਗੀ ਫਟਕਾਰ
ਮਾਨ ਨੇ ਦੱਸਿਆ ਕਿ ਕੁਰਾਲੀ ਦੌਰੇ ਦੌਰਾਨ ਜਦੋਂ ਅੱਧੇ ਘੰਟੇ ਤੱਕ ਬੱਸ ਨਹੀਂ ਆਈ, ਤਾਂ ਉਨ੍ਹਾਂ ਨੇ ਰੋਪੜ ਡਿਪਟੀ ਕਮਿਸ਼ਨਰ ਨੂੰ ਤੁਰੰਤ ਫੋਨ ਕਰਕੇ ਬੱਸਾਂ ਦੀ ਵਿਵਸਥਾ ਸੁਧਾਰਨ ਲਈ ਹੁਕਮ ਦਿੱਤੇ। ਮਾਨ ਨੇ ਇਹ ਵੀ ਕਿਹਾ ਕਿ ਲੋਕ ਅਰਦਾਸ ਲਈ ਜਾਂਦੇ ਹਨ, ਇਸ ਲਈ ਯਾਤਰੀਆਂ ਨੂੰ ਤੰਗ ਨਾ ਕੀਤਾ ਜਾਵੇ।
ਬੱਸ ਹੜਤਾਲ 'ਤੇ CM ਦੀ ਸਖ਼ਤ ਚੇਤਾਵਨੀ
ਟਰਾਂਸਪੋਰਟ ਮੁਲਾਜ਼ਮਾਂ ਦੀ ਹੜਤਾਲ ਬਾਰੇ CM ਨੇ ਆਪਣੇ ਕੁਰਾਲੀ ਬੱਸ ਸਟੈਂਡ ਦੌਰੇ ਦਾ ਜ਼ਿਕਰ ਕੀਤਾ—ਜਿੱਥੇ ਉਹਨਾਂ ਨੇ ਖੁਦ ਵੇਖਿਆ ਕਿ 30 ਮਿੰਟ ਤੱਕ ਕੋਈ ਬੱਸ ਨਹੀਂ ਆਈ। CM ਮਾਨ ਨੇ ਕਿਹਾ ਕਿ ਕਰਮਚਾਰੀਆਂ ਨੂੰ ਹੜਤਾਲ ਦਾ ਹੱਕ ਹੈ, ਪਰ ਜਨਤਾ ਨੂੰ ਤੰਗ ਕਰਨਾ ਗਲਤ ਹੈ। ਸਰਕਾਰ ਗੱਲਬਾਤ ਲਈ ਤਿਆਰ ਹੈ।
ਰੰਧਾਵਾ ਤੇ ਗੈਂਗਸਟਰ ਮਾਮਲੇ 'ਤੇ ਕਰਾਰੀ ਪ੍ਰਤੀਕ੍ਰਿਆ
ਕਾਂਗਰਸ ਆਗੂ ਸੁਖਜਿੰਦਰ ਰੰਧਾਵਾ 'ਤੇ ਕਰਾਰਾ ਜਵਾਬ ਦਿੰਦਿਆਂ CM ਨੇ ਕਿਹਾ ਕਿ ਰੰਧਾਵਾ ਨੂੰ ਦੱਸਣਾ ਚਾਹੀਦਾ ਸੀ ਕਿ ਗੈਂਗਸਟਰ ਕੌਣ-ਕੌਣ ਹਨ—ਕਿਉਂਕਿ ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਹੀ ਤਿਆਰ ਕੀਤਾ ਹੈ। ਮਾਨ ਨੇ ਚੇਤਾਵਨੀ ਦਿੱਤੀ ਕਿ ਗੈਂਗਸਟਰ ਸੋਚਣ ਵੀ ਨਾ ਕਿ ਉਹ ਗੋਲੀ ਚਲਾਕੇ ਬਚ ਨਿਕਲਣਗੇ।
ਖਿਡਾਰੀ ਦੇ ਪਰਿਵਾਰ ਨੂੰ ਮਿਲਣ 'ਤੇ ਰਾਜਨੀਤੀ ਦੇ ਦੋਸ਼ਾਂ ਦਾ ਜਵਾਬ
CM ਨੇ ਸਪੱਸ਼ਟ ਕੀਤਾ ਕਿ ਉਹ ਇਕ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ ਸਨ, ਰਾਜਨੀਤੀ ਕਰਨ ਨਹੀਂ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਬਾਰੇ ਬਿਆਨ ਦੇਣਾ ਰਾਜਨੀਤੀ ਨਹੀਂ, ਬਲਕਿ ਹਕੀਕਤ ਹੈ।
“ਕੇਂਦਰੀ ਮੰਤਰੀ ਇੱਥੇ ਸਿਰਫ਼ ਸਾਗ-ਰੋਟੀ ਖਾ ਕੇ ਜਾਂਦੇ ਹਨ”
ਕੇਂਦਰ ਵੱਲ ਇਸ਼ਾਰਾ ਕਰਦਿਆਂ ਮਾਨ ਨੇ ਚੋਟ ਕੀਤੀ ਕਿ ਕੇਂਦਰੀ ਮੰਤਰੀ ਪੰਜਾਬ ਨੂੰ ਸਿਰਫ਼ ਇੱਕ “ਸੈਰ-ਸਪਾਟੇ ਵਾਲੀ ਜਗ੍ਹਾ” ਸਮਝਦੇ ਹਨ। ਉਹ ਆਉਂਦੇ ਹਨ, ਭੋਜਨ ਕਰਦੇ ਹਨ ਅਤੇ ਦਿੱਲੀ ਵਾਪਸ ਜਾ ਕੇ ਕੋਈ ਹੱਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਸਲ ਵਿੱਚ ਦੋ ਹੀ ਲੋਕਾਂ ਦੀ ਚਲਦੀ ਹੈ।
CM Mann Held A Press Conference Read Each And Every Thing In Detail