Weather Update - ਪੰਜਾਬ ਦੇ ਇੰਨ੍ਹਾਂ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ
Punjab
Weather Update : ਪੰਜਾਬ ਦੇ ਇੰਨ੍ਹਾਂ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ
Live Punjabi TV Bureau
ਚੰਡੀਗੜ੍ਹ, 16 ਦਸੰਬਰ 2025: ਪੰਜਾਬ ਅਤੇ ਚੰਡੀਗੜ੍ਹ ਵਿੱਚ ਸਰਦੀ ਨੇ ਹੁਣ ਪੂਰੀ ਤਰ੍ਹਾਂ ਆਪਣਾ ਰੂਪ Iਧਾਰ ਲਿਆ ਹੈ। ਠੰਢ ਦੇ ਨਾਲ-ਨਾਲ ਧੁੰਦ ਅਤੇ ਕੋਹਰੇ ਨੇ ਵੀ ਜਨਜੀਵਨ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਅੱਜ ਮੰਗਲਵਾਰ ਲਈ ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਅੱਜ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਠੰਡੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਠਾਰ ਹੋਰ ਵਧ ਸਕਦੀ ਹੈ।
ਇਨ੍ਹਾਂ 12 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਮੌਸਮ ਵਿਭਾਗ ਮੁਤਾਬਕ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਵੇਰੇ ਅਤੇ ਰਾਤ ਦੇ ਸਮੇਂ ਵਿਜ਼ੀਬਿਲਟੀ ਘੱਟ ਰਹਿਣ ਕਾਰਨ ਆਵਾਜਾਈ ਵਿੱਚ ਦਿੱਕਤ ਆ ਸਕਦੀ ਹੈ।
ਅਗਲੇ ਕੁਝ ਦਿਨਾਂ ਦਾ ਮੌਸਮੀ ਅਨੁਮਾਨ
ਮੌਸਮ ਵਿਗਿਆਨੀਆਂ ਅਨੁਸਾਰ, ਉੱਤਰ-ਪੱਛਮੀ ਭਾਰਤ ਉੱਪਰ ਇਸ ਸਮੇਂ ਤੇਜ਼ ਜੈੱਟ ਸਟ੍ਰੀਮ ਹਵਾਵਾਂ ਸਰਗਰਮ ਹਨ। ਇਸਦੇ ਨਾਲ ਹੀ 17 ਦਸੰਬਰ ਦੀ ਰਾਤ ਤੋਂ ਪੱਛਮੀ ਹਿਮਾਲੀਆ ਖੇਤਰਾਂ ਵਿੱਚ ਇੱਕ ਕਮਜ਼ੋਰ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ, ਜਿਸਦਾ ਹਲਕਾ ਅਸਰ ਪੰਜਾਬ ਦੇ ਮੌਸਮ ‘ਤੇ ਵੀ ਪੈ ਸਕਦਾ ਹੈ। ਹਾਲਾਂਕਿ ਅਗਲੇ 7 ਦਿਨਾਂ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਅਤੇ ਮੌਸਮ ਖੁਸ਼ਕ ਰਹੇਗਾ।
ਧੁੰਦ ਕਾਰਨ ਆਵਾਜਾਈ ਪ੍ਰਭਾਵਿਤ
ਪਿਛਲੇ 24 ਘੰਟਿਆਂ ਦੌਰਾਨ ਧੁੰਦ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਬਠਿੰਡਾ ਵਿੱਚ ਵਿਜ਼ੀਬਿਲਟੀ 0 ਤੋਂ 10 ਮੀਟਰ ਤੱਕ ਦਰਜ ਕੀਤੀ ਗਈ, ਜਦਕਿ ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਦ੍ਰਿਸ਼ਟੀ ਮਹਿਜ਼ 50 ਮੀਟਰ ਰਹੀ। ਘੱਟ ਦਿੱਖ ਕਾਰਨ ਸੜਕਾਂ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਅਤੇ ਧਰਮਸ਼ਾਲਾ ਲਈ ਜਾਣ ਵਾਲੀਆਂ 6 ਉਡਾਣਾਂ ਰੱਦ ਕਰਨੀ ਪਈਆਂ ਅਤੇ ਕਈ ਹੋਰ ਫਲਾਈਟਾਂ ਦੇਰ ਨਾਲ ਚੱਲੀਆਂ।
ਬਠਿੰਡਾ ਬਣਿਆ ਸਭ ਤੋਂ ਠੰਢਾ ਸ਼ਹਿਰ
ਤਾਪਮਾਨ ਦੇ ਅੰਕੜਿਆਂ ਅਨੁਸਾਰ, ਸੂਬੇ ਦੇ ਘੱਟੋ-ਘੱਟ ਤਾਪਮਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 0.1 ਡਿਗਰੀ ਸੈਲਸੀਅਸ ਦੀ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। 4.8 ਡਿਗਰੀ ਸੈਲਸੀਅਸ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ। ਇਸਦੇ ਉਲਟ, ਲੁਧਿਆਣਾ ਦੇ ਹਲਵਾਰਾ ਵਿੱਚ ਵੱਧ ਤੋਂ ਵੱਧ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Weather Update Dense Fog Alert Issued In These 12 Districts Of Punjab