Punjab Cabinet ਦੀ ਅੱਜ ਹੋਵੇਗੀ ਮੀਟਿੰਗ, ਲਏ ਜਾਂ ਸਕਦੇ ਹਨ ਕਈ ਅਹਿਮ ਫ਼ੈਸਲੇ
Punjab
Punjab Cabinet ਦੀ ਅੱਜ ਹੋਵੇਗੀ ਮੀਟਿੰਗ, ਲਏ ਜਾਂ ਸਕਦੇ ਹਨ ਕਈ ਅਹਿਮ ਫ਼ੈਸਲੇ
ਚੰਡੀਗੜ੍ਹ, 9 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸੂਬੇ ਦੇ ਕੰਮਕਾਜ ਨੂੰ ਰਫ਼ਤਾਰ ਦੇਣ ਲਈ ਅੱਜ, ਯਾਨੀ ਸ਼ੁੱਕਰਵਾਰ ਨੂੰ ਪੰਜਾਬ ਕੈਬਨਿਟ ਦੀ ਇੱਕ ਬਹੁਤ ਹੀ ਮਹੱਤਵਪੂਰਨ ਮੀਟਿੰਗ ਸੱਦੀ ਹੈ। ਨਵੇਂ ਸਾਲ ਦੀ ਇਹ ਪਹਿਲੀ ਕੈਬਨਿਟ ਮੀਟਿੰਗ ਅੱਜ ਸ਼ਾਮ 4 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਹੋਵੇਗੀ। ਇਸ ਮੀਟਿੰਗ ਦੀ ਅਗਵਾਈ ਖੁਦ ਮੁੱਖ ਮੰਤਰੀ ਕਰਨਗੇ ਅਤੇ ਇਸ ਵਿੱਚ ਸਮੂਹ ਕੈਬਨਿਟ ਮੰਤਰੀ ਸ਼ਾਮਲ ਹੋਣਗੇ।
ਏਜੰਡਾ ਨਹੀਂ ਹੋਇਆ ਜਾਰੀ, ਪਰ ਵੱਡੇ ਫੈਸਲਿਆਂ ਦੀ ਉਮੀਦ
ਭਾਵੇਂ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਅਧਿਕਾਰਤ ਏਜੰਡਾ ਜਨਤਕ ਨਹੀਂ ਕੀਤਾ ਗਿਆ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਸੂਬੇ ਦੇ ਵਿਕਾਸ ਅਤੇ ਆਮ ਲੋਕਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਨਵੇਂ ਸਾਲ ਵਿੱਚ ਲੋਕ ਹਿੱਤ ਲਈ ਕਈ ਨਵੇਂ ਪ੍ਰਸਤਾਵਾਂ ਨੂੰ ਹਰੀ ਝੰਡੀ ਦੇ ਸਕਦੀ ਹੈ।
ਕੈਬਨਿਟ ਫੇਰਬਦਲ ਤੋਂ ਤੁਰੰਤ ਬਾਅਦ ਮੀਟਿੰਗ
ਇਹ ਮੀਟਿੰਗ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਬੀਤੇ ਦਿਨ ਹੀ ਮਾਨ ਸਰਕਾਰ ਨੇ ਮੰਤਰੀਆਂ ਦੇ ਵਿਭਾਗਾਂ ਵਿੱਚ ਅਦਲਾ-ਬਦਲੀ ਕੀਤੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਨੂੰ ਹੁਣ ਸਥਾਨਕ ਸਰਕਾਰਾਂ (Local Bodies) ਵਿਭਾਗ ਸੌਂਪਿਆ ਗਿਆ ਹੈ, ਜਦਕਿ ਡਾ. ਰਵਜੋਤ ਸਿੰਘ ਨੂੰ ਐਨਆਰਆਈ (NRI) ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅੱਜ ਦੀ ਮੀਟਿੰਗ ਵਿੱਚ ਇਹ ਮੰਤਰੀ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨਾਲ ਸ਼ਾਮਲ ਹੋਣਗੇ।
ਚੋਣਾਂ ਦੇ ਮੱਦੇਨਜ਼ਰ ਬਣੇਗੀ ਰਣਨੀਤੀ
ਸਿਆਸੀ ਮਾਹਿਰਾਂ ਮੁਤਾਬਕ ਆਉਣ ਵਾਲੇ ਮਾਰਚ-ਅਪ੍ਰੈਲ ਮਹੀਨੇ ਵਿੱਚ ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਹਨ। ਸੰਜੀਵ ਅਰੋੜਾ, ਜੋ ਕਿ ਪਹਿਲਾਂ ਹੀ ਬਿਜਲੀ ਅਤੇ ਇੰਡਸਟਰੀ ਵਿਭਾਗ ਸੰਭਾਲ ਰਹੇ ਹਨ, ਨੂੰ ਲੋਕਲ ਬਾਡੀਜ਼ ਵਿਭਾਗ ਦੇਣਾ ਸਰਕਾਰ ਦੀ ਇੱਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ। ਇਸ ਮੀਟਿੰਗ ਵਿੱਚ ਸ਼ਹਿਰੀ ਵਿਕਾਸ ਨੂੰ ਲੈ ਕੇ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਸ਼ਹਿਰੀ ਵੋਟਰਾਂ ਨੂੰ ਲੁਭਾਇਆ ਜਾ ਸਕੇ।
Punjab cabinet to hold important meeting today many important decisions may be taken